20 ਕੇਸਾਂ ‘ਚ ਲੋੜੀਂਦਾ ਗੈਂਗਸਟਰ ਵਿੱਕੀ ਹਥਿਆਰਾਂ ਸਮੇਤ ਕਾਬੂ

0
104

ਫਿਰੋਜ਼ਪੁਰ (ਟੀ.ਐਲ.ਟੀ. ਨਿਊਜ)- ਕਤਲ, ਡਕੈਤੀ ਤੇ ਲੁੱਟਖੋਹ ਵਰਗੀਆਂ 20 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋੜੀਂਦੇ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਪੁਲਸ ਨੇ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ, ਜਿਸ ਤੋਂ ਇਕ ਰਿਵਾਲਵਰ, 3 ਜਿੰਦਾ ਅਤੇ 2 ਚੱਲੇ ਹੋਏ ਕਾਰਤੂਸ ਬਰਾਮਦ ਹੋਏ ਹਨ। ਜਾਣਕਾਰੀ ਦਿੰਦਿਆਂ ਆਈ. ਜੀ. ਮੁਖਵਿੰਦਰ ਸਿੰਘ ਛੀਨਾ, ਐੱਸ. ਐੱਸ. ਪੀ. ਪ੍ਰੀਤਮ ਸਿੰਘ, ਐੱਸ. ਪੀ. ਡੀ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਵਿੱਕੀ ਸਫਾਰੀ ਗੱਡੀ ‘ਚ ਫਿਰੋਜ਼ਪੁਰ ‘ਚ ਘੁੰਮ ਰਿਹਾ ਹੈ, ਜਿਸ ਦੇ ਆਧਾਰ ‘ਤੇ ਸੀ. ਆਈ. ਏ. ਸਟਾਫ ਦੀ ਟੀਮ ਨੇ ਚੂੰਗੀ ਨੰ: 7 ਨੇੜੇ ਨਾਕੇਬੰਦੀ ਕਰਕੇ ਵਿੱਕੀ ਨੂੰ ਗ੍ਰਿਫਤਾਰ ਕਰ ਲਿਆ। ਆਈ. ਜੀ. ਨੇ ਦੱਸਿਆ ਕਿ ਵਿੱਕੀ ਦਾ ਤਾਲਮੇਲ ਇਨੀਂ ਦਿਨੀਂ ਮਾਲਵਾ ਇਲਾਕੇ ਦੇ ਗੈਂਗਸਟਰ ਸੁਖਪ੍ਰੀਤ ਉਰਫ ਮੁੰਡਾ ਨਾਲ ਹੈ, ਜੋ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਉਹ ਮੋਗਾ, ਜਗਰਾਉਂ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਆਦਿ ਇਲਾਕਿਆਂ ‘ਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਵਿੱਕੀ ਖਿਲਾਫ ਵੱਖ-ਵੱਖ ਪੁਲਸ ਥਾਣਿਆਂ ‘ਚ 10 ਮਾਮਲੇ ਦਰਜ ਹਨ ਤੇ ਕਈ ਮਾਮਲਿਆਂ ‘ਚ ਉਹ ਭਗੌੜਾ ਕਰਾਰ ਦਿੱਤਾ ਗਿਆ ਹੈ। 6 ਅਕਤੂਬਰ 2018 ਨੂੰ ਉਸ ਨੇ ਫਿਰੋਜ਼ਪੁਰ ਦੀ ਚੂੰਗੀ ਨੰਬਰ-7 ਨੇੜੇ ਆਪਣੇ ਵਿਰੋਧੀ ਦਲਜੀਤ ਸਿੰਘ ਨੂੰ ਮਾਰਨ ਲਈ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। ਜੱਗਾ ਤਾਂ ਇਸ ਦੌਰਾਨ ਬਚ ਗਿਆ ਸੀ ਪਰ ਉਸਦੇ ਸਾਥੀ ਹਰਜਿੰਦਰ ਸਿੰਘ ਅਤੇ ਸੋਨੂੰ ਗਿੱਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਦਕਿ ਚਮਕੌਰ ਸਿੰਘ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਵਿੱਕੀ ਨੇ ਫੇਸਬੁੱਕ ‘ਤੇ ਸ਼ਰੇਆਮ ਲਾਈਵ ਹੋ ਕੇ ਧਮਕੀ ਦਿੱਤੀ ਸੀ ਕਿ ਦਲਜੀਤ ਸਿੰਘ ਜੱਗਾ ਦਾ ਸਾਥ ਦੇਣ ਵਾਲੇ ਹਰ ਵਿਅਕਤੀ ਨਾਲ ਉਹ ਇਸੇ ਤਰ੍ਹਾਂ ਪੇਸ਼ ਆਵੇਗਾ। ਉਸੇ ਦਿਨ ਤੋਂ ਹੀ ਪੁਲਸ ਸਰਗਰਮੀ ਨਾਲ ਵਿੱਕੀ ਦੀ ਭਾਲ ਕਰ ਰਹੀ ਸੀ। ਐੱਸ.ਐੱਸ.ਪੀ. ਪ੍ਰੀਤਮ ਸਿੰਘ ਨੇ ਦੱਸਿਆ ਕਿ ਵਿੱਕੀ ਨੇ ਮੰਨਿਆ ਕਿ ਦੋਹਰੇ ਹੱਤਿਆ ਕਾਂਡ ‘ਚ ਉਸ ਦਾ ਭਤੀਜਾ ਸੂਰਜ ਘਾਰੂ, ਜੈਕਬ, ਰਿਸੂ, ਕਾਲੂ ਭਈਆ, ਮੈਨੁਅਲ ਤੇ ਮੈਨੁਅਲ ਉਰਫ ਚੂਚਾ ਉਸ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ ਮੈਨੁਅਲ ਉਰਫ ਮੈਮਾ ਤੇ ਮੈਨੁਅਲ ਉਰਫ ਚੂਚਾ ਨੂੰ 6 ਨਵੰਬਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

LEAVE A REPLY