ਨਿਊਜ਼ੀਲੈਂਡ : ਭਾਰਤੀ ਮੂਲ ਦੀ ਗਰਭਵਤੀ ਔਰਤ ਦੀ ਮਿਲੀ ਲਾਸ਼

0
172

ਵਲਿੰਗਟਨ (ਟੀ.ਐਲ.ਟੀ. ਨਿਊਜ਼)- ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ‘ਚ ਰਹਿੰਦੀ ਭਾਰਤੀ ਮੂਲ ਦੀ 26 ਸਾਲਾ ਔਰਤ ਦੀ ਲਾਸ਼ ਸਮੁੰਦਰ ਦੇ ਨੇੜਿਓਂ ਮਿਲੀ ਹੈ। ਜਾਣਕਾਰੀ ਮੁਤਾਬਕ ਉਹ 5 ਦਿਨਾਂ ਤੋਂ ਲਾਪਤਾ ਸੀ। ਮ੍ਰਿਤਕ ਦੀ ਪਛਾਣ ਸੋਨਮ ਸ਼ੇਲਰ ਵਜੋਂ ਹੋਈ ਹੈ। ਉਸ ਦੇ ਪਤੀ ਸਾਗਰ ਸ਼ੇਲਰ ਨੇ ਦੱਸਿਆ ਕਿ ਉਹ ਪੰਜ ਮਹੀਨੇ ਦੀ ਗਰਭਵਤੀ ਸੀ। ਉਸ ਨੂੰ ਅਲਟਰਾਸਾਊਂਡ ਕਰਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਗਰਭ ਵਿਚ ਬੱਚੀ ਪਲ ਹੈ ਪਰ ਉਹ ਮੁੰਡਾ ਚਾਹੁੰਦੀ ਸੀ। ਸੋਨਮ ਇਸ ਗੱਲ ਕਾਰਨ ਬਹੁਤ ਤਣਾਅ ‘ਚ ਸੀ। ਹਾਲਾਂਕਿ ਸੋਨਮ ਦੀ ਮਾਂ ਜੋ ਮੁੰਬਈ ‘ਚ ਰਹਿੰਦੀ ਹੈ , ਦਾ ਕਹਿਣਾ ਹੈ ਕਿ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਸੀ ਕਿ ਉਹ ਮਾਂ ਬਣਨ ਵਾਲੀ ਹੈ।
ਸਾਗਰ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਨੂੰ ਉਹ ਉਸ ਨੂੰ ਘਰ ਛੱਡ ਕੇ ਕੰਮ ‘ਤੇ ਗਿਆ ਪਰ ਜਦੋਂ ਉਹ ਵਾਪਸ ਆਇਆ ਤਾਂ ਸੋਨਮ ਘਰ ‘ਚ ਨਹੀਂ ਸੀ। ਉਸ ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਅਜਿਹਾ ਕਿਵੇਂ ਹੋਇਆ। ਇਸ ਦੌਰਾਨ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਸੋਨਮ, ਭਾਰਤ ਦੇ ਮੁੰਬਈ ਸ਼ਹਿਰ ਨਾਲ ਸਬੰਧਤ ਸੀ ਤੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾ ਕੇ ਆਪਣੇ ਪਤੀ ਨਾਲ ਨਿਊਜ਼ੀਲੈਂਡ ਗਈ ਸੀ। ਫਿਲਹਾਲ ਪੁਲਸ ਨੇ ਨੇੜਲੇ ਇਲਾਕੇ ਦੇ ਲੋਕਾਂ ਅਤੇ ਸੋਨਮ ਦੇ ਪਤੀ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਅਜੇ ਤਕ ਪੁਲਸ ਵਲੋਂ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।

LEAVE A REPLY