ਲੜਕੀ ਭਜਾਉਣ ਦੇ ਇਲਜ਼ਾਮਾਂ ‘ਚ ਘਿਰੇ ਨੌਜਵਾਨ ਵੱਲੋਂ ਹਵਾਲਾਤ ‘ਚ ਖੁਦਕੁਸ਼ੀ

0
176

ਗਿੱਦੜਬਾਹਾ (ਟੀ.ਐਲ.ਟੀ. ਨਿਊਜ਼)- ਪੁਲਿਸ ਹਿਰਾਸਤ ਵਿੱਚ 22 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਉਸ ਨੂੰ ਨਬਾਲਗ ਲੜਕੀ ਭਜਾਉਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਨੇ ਗ੍ਰਿਫ਼ਤਾਰੀ ਦੇ ਕੁਝ ਘੰਟਿਆਂ ਬਾਅਦ ਹੀ ਹਵਾਲਾਤ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ।
ਥਾਣਾ ਗਿੱਦੜਬਾਹਾ ਪੁਲਿਸ ਨੇ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਬਲਰਾਜ ਸਿੰਘ ਉਰਫ ਰਾਜਾ ਵਿਰੁੱਧ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾ ਲੈ ਜਾਣ ਦਾ ਮਾਮਲਾ ਦਰਜ ਕੀਤਾ ਸੀ ਜਦੋਂਕਿ ਲੜਕੀ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ। ਉਹ 5ਵੀਂ ਪਾਸ ਕਰਨ ਉਪਰੰਤ ਘਰ ਵਿੱਚ ਹੀ ਰਹਿੰਦੀ ਸੀ।
ਪੁਲਿਸ ਨੇ ਬਲਰਾਜ ਸਿੰਘ ਤੇ ਲੜਕੀ ਨੂੰ ਕਾਬੂ ਕਰਕੇ ਲੜਕੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ ਜਦੋਂਕਿ ਬਲਰਾਜ ਸਿੰਘ ਨੂੰ ਹਵਾਲਾਤ ਵਿੱਚ ਭੇਜ ਦਿੱਤਾ। ਪੁਲਿਸ ਮੁਤਾਬਕ ਬਲਰਾਜ ਨੇ ਪਹਿਨੇ ਹੋਏ ਲੋਅਰ (ਪੈਜਾਮੇ) ਦੇ ਨਾੜੇ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ।
ਐਸਪੀਡੀ ਰਣਬੀਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਥਾਣਾ ਗਿੱਦੜਬਾਹਾ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਨੌਜਵਾਨ ਨੇ ਹਿਰਾਸਤ ਵਿੱਚ ਆਤਮ ਹੱਤਿਆ ਕਰ ਲਈ ਹੈ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਜੁਡੀਸ਼ੀਅਲ ਜਾਂਚ ਵੀ ਕਰਵਾਈ ਜਾਵੇਗੀ।

LEAVE A REPLY