ਸਿੱਧੂ ਜੋੜੇ ਦਾ ਪਾਸਪੋਰਟ ਤੁਰੰਤ ਜ਼ਬਤ ਕੀਤਾ ਜਾਵੇ : ਮਜੀਠੀਆ

0
131

ਅੰਮ੍ਰਿਤਸਰ (ਟੀ.ਐਲ.ਟੀ. ਨਿਊਜ਼)- ਦਰਦਨਾਕ ਰੇਲ ਹਾਦਸੇ ਦੇ ਦੋਸ਼ੀਆਂ ਸਬੰਧੀ ਗੱਲ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ , ਉਨ੍ਹਾਂ ਦੀ ਪਤਨੀ ਅਤੇ ਮਿੱਠੂ ਮਦਾਨ ਦਾ ਪਾਸਪੋਰਟ ਜ਼ਬਤ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਹੱਥ ਸਿੱਧੂ ਜੋੜੇ ਦੇ ਸਿਰੋਂ ਉਠ ਗਿਆ ਤਾਂ ਇਹ ਲੋਕ ਵਿਦੇਸ਼ ਦੌੜਨ ’ਚ ਇਕ ਪਲ ਨਹੀਂ ਲਾਉਣਗੇ। ਸ. ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਵੱਲੋਂ ਉਸ ਦੇ ਘਰ ’ਚ ਭਗਵਾਨ ਤੇ ਤਪੱਸਵੀਆਂ ਦੇ ਹੋਣ ਦੇ ਦਾਅਵੇ ਦੇ ਉੱਤਰ ’ਚ ਉਸ ਦੇ ਘਰ ਗੈਂਗਸਟਰਾਂ ਦਾ ਵਾਸਾ ਹੋਣਾ ਦੱਸਿਆ। ਉਨ੍ਹਾਂ ਦੱਸਿਆ ਕਿ ਸਿੱਧੂ ਦੇ ਘਰ ਜਸਵੀਰ ਅੰਨਗੜ੍ਹ ਤੇ ਸਾਬੀ ਸ਼ਿਵਾਲਾ ਵਰਗੇ ਗੈਂਗਸਟਰ ਜਿਨ੍ਹਾਂ ’ਤੇ ਦਰਜਨਾਂ ਗੰਭੀਰ ਧਾਰਾਵਾਂ ਵਾਲੇ ਕੇਸ ਦਰਜ ਹਨ, ਰਹਿ ਰਹੇ ਹਨ। ਸਰਕਾਰ ਤੇ ਸਿੱਧੂ ਜੋੜੇ ਵੱਲੋਂ ਸੱਤਾ ਦੇ ਨਸ਼ੇ ’ਚ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਦੇ ਦਰਦ ਨੂੰ ਸਮਝਿਆ ਨਹੀਂ ਜਾ ਰਿਹਾ। ਉਨ੍ਹਾਂ ਰੋਸ ਜਤਾਇਆ ਕਿ ਇਕ ਹਫਤਾ ਬੀਤ ਜਾਣ ‘ਤੇ ਵੀ ਦੋਸ਼ੀਆਂ ਖਿਲਾਫ ਨਾ ਕੋਈ ਐੱਫ. ਆਈ. ਆਰ. ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਹਾਈਕਮਾਨ ਨਿਰਪੱਖ ਜਾਂਚ ਨਹੀਂ ਚਾਹੁੰਦੀ। ਮਜੀਠੀਆ ਨੇ ਆਪਣੇ ‘ਤੇ ਰੇਲ ਹਾਦਸੇ ’ਤੇ ਸਿਆਸਤ ਕਰਨ ਦੇ ਸਿੱਧੂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਬੁਰੀ ਤਰ੍ਹਾਂ ਬੌਖਲਾਹਟ ‘ਚ ਹੈ, ਜੇ ਗਰੀਬਾਂ ਨੂੰ ਇਨਸਾਫ ਦਿਵਾਉਣ ਅਤੇ ਸੱਚ ਲਈ ਲੜਨਾ ਰਾਜਨੀਤੀ ਹੈ ਤਾਂ ਉਹ ਅਜਿਹੀ ਰਾਜਨੀਤੀ ਸਦਾ ਕਰਦੇ ਰਹਿਣਗੇ। ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਤਲਬੀਰ ਸਿੰਘ ਗਿੱਲ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਰਾਮ ਸਿੰਘ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਅਮਰਦੀਪ ਸਿੰਘ ਸੋਹਲ, ਜਸਪਾਲ ਸਿੰਘ ਸ਼ਾਂਟੂ ਤੇ ਪ੍ਰੋ. ਸਰਚਾਂਦ ਸਿੰਘ ਵੀ ਮੌਜੂਦ ਸਨ।

LEAVE A REPLY