ਆਸਟ੍ਰੇਲੀਆ ਦੇ ਪੁਰਾਣੇ ਮੰਦਰ ‘ਚ ਭੰਨ-ਤੋੜ ਕਰਕੇ ਲਗਾਈ ਗਈ ਅੱਗ

0
81

ਸਿਡਨੀ (ਟੀ.ਐਲ.ਟੀ. ਨਿਊਜ਼)- ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ‘ਚ ਰਹਿੰਦੇ ਹਿੰਦੂ ਭਾਈਚਾਰੇ ਦਾ ਦਿਲ ਉਸ ਸਮੇਂ ਵਲੂੰਧਰ ਗਿਆ ਜਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸਿਡਨੀ ਦੇ ਇਕ ਮੰਦਰ ‘ਚ ਹਿੰਦੂ ਦੇਵੀ-ਦੇਵਤਿਆਂ ਦੀ ਬੇਅਦਬੀ ਹੋਈ ਹੈ। ਕੁੱਝ ਸ਼ਰਾਰਤੀ ਅਨਸਰਾਂ ਨੇ ਸਿਡਨੀ ਦੇ ਰਿਜੈਂਟ ਪਾਰਕ ਵਿਚ 20 ਸਾਲ ਪੁਰਾਣੇ ਇਕ ਮੰਦਰ ‘ਚ ਮੂਰਤੀਆਂ ਤੋੜੀਆਂ ਅਤੇ ਇੱਥੇ ਵਿਛੇ ਗਲੀਚਿਆਂ ਨੂੰ ਅੱਗ ਲਗਾ ਦਿੱਤੀ , ਜਿਸ ਕਾਰਨ ਕਾਫੀ ਧਾਰਮਿਕ ਸਮੱਗਰੀ ਨੁਕਸਾਨੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੰਦਰ ਕਰੀਬ ਦੋ ਦਹਾਕਿਆਂ ਤੋਂ ਗਿਰਜਾਘਰ ਦੀ ਇਮਾਰਤ ਵਿਚ ਚੱਲ ਰਿਹਾ ਹੈ।
ਇਹ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ ਦੱਸੀ ਗਈ ਹੈ। ਇਸ ਮੰਦਰ ‘ਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੱਥੇ ਕਦੇ ਵੀ ਅਜਿਹਾ ਨਹੀਂ ਹੋਇਆ ਸੀ ਅਤੇ ਇਸ ਘਟਨਾ ਨਾਲ ਉਹ ਦੁਖੀ ਹੋਏ ਹਨ। ਜਾਣਕਾਰੀ ਮੁਤਾਬਕ ਕੁਝ ਲੋਕ ਮੰਦਰ ਵਿਚ ਪੂਜਾ ਕਰਨ ਲਈ ਜਾ ਰਹੇ ਸਨ ਕਿ ਉਨ੍ਹਾਂ ਨੂੰ ਮੰਦਰ ਦੀ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਇਸੇ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੂੰ ਮੰਦਰ ਦੀਆਂ ਖਿੜਕੀਆਂ ਰਾਹੀਂ ਬਾਹਰ ਨਿਕਲ ਕੇ ਭੱਜਦੇ ਹੋਏ ਵੀ ਦੇਖਿਆ ਗਿਆ। ਸੂਬੇ ਦੇ ਬਹੁ-ਕੌਮੀ ਸੱਭਿਆਚਾਰਕ ਵਿਭਾਗ ਦੇ ਮੰਤਰੀ ਰੇਅ ਵਿਲੀਅਮਜ਼ ਨੇ ਕਿਹਾ ਕਿ ਸਰਕਾਰ ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਵਾਲੇ ਸਥਾਨ ‘ਤੇ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਬਰਦਾਸ਼ਤ ਨਹੀਂ ਕਰੇਗੀ। ਪੁਲਸ ਨੇ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿੰਦੂ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।

LEAVE A REPLY