ਲਸ਼ਕਰ-ਏ-ਤੋਇਬਾ ਨੇ ਦਿੱਤੀ ਧਮਕੀ, 20 ਅਕਤੂਬਰ ਨੂੰ ਯੂ. ਪੀ. ਦੇ ਕਈ ਰੇਲਵੇ ਸਟੇਸ਼ਨ ਉਡਾ ਦਿੱਤੇ ਜਾਣਗੇ

0
67

ਨਵੀਂ ਦਿੱਲੀ (ਟੀ.ਐਲ.ਟੀ. ਨਿਊਜ਼)- ਭਾਰਤ ਵਿਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਅੱਤਵਾਦੀ ਭਾਰਤ ਵਿਚ ਤਿਉਹਾਰਾਂ ਦੇ ਇਸ ਮੌਸਮ ਦੌਰਾਨ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਕਈ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਥਾਵਾਂ ਨੂੰ ਬੰਬ ਨਾਲ ਉਡਾਉਣ ਦੇ ਯਤਨਾਂ ‘ਚ ਹਨ। ਉਹ ਇਸ ਸਬੰਧੀ ਸਾਜ਼ਿਸ਼ਾਂ ਰਚ ਰਹੇ ਹਨ। ਲਸ਼ਕਰ ਦੇ ਨਾਂ ‘ਤੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ 20 ਰੇਲਵੇ ਸਟੇਸ਼ਨਾਂ ਦੇ ਨਾਲ ਹੀ ਕੁਝ ਧਾਰਮਿਕ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਚਿੱਠੀ ਹਰਿਦੁਆਰ ਰੇਲਵੇ ਸਟੇਸ਼ਨ ਦੇ ਮੁਖੀ ਨੂੰ ਭੇਜੀ ਗਈ ਹੈ। ਚਿੱਠੀ ਮਿਲਣ ਪਿੱਛੋਂ ਦੋਹਾਂ ਸੂਬਿਆਂ ਦੀਆਂ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਆਰਮੀ ਇੰਟੈਲੀਜੈਂਸ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਚਿੱਠੀ ‘ਚ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਉਕਤ ਚਿੱਠੀ 5 ਅਕਤੂਬਰ ਨੂੰ ਹਰਿਦੁਆਰ ਰੇਲਵੇ ਸਟੇਸ਼ਨ ਦੇ ਮੁਖੀ ਨੂੰ ਮਿਲੀ। ਚਿੱਠੀ ਲਸ਼ਕਰ-ਏ-ਤੋਇਬਾ ਦੇ ਏਰੀਆ ਕਮਾਂਡਰ ਮੌਲਵੀ ਅੰਬੀ ਸਲੀਮ ਦੇ ਨਾਂ ਆਈ ਸੀ। ਇਸ ਵਿਚ 20 ਅਕਤੂਬਰ ਨੂੰ ਹਰਿਦੁਆਰ, ਦੇਹਰਾਦੂਨ, ਰੁੜਕੀ, ਲਕਸਰ, ਕਾਠਗੋਦਾਮ, ਨੈਨੀਤਾਲ, ਰਾਮਪੁਰ, ਮੁਰਾਦਾਬਾਦ, ਬਰੇਲੀ, ਸਹਾਰਨਪੁਰ, ਅਲੀਗੜ੍ਹ, ਮੇਰਠ, ਮੁਜ਼ੱਫਰਨਗਰ ਅਤੇ ਹੋਰਨਾਂ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ 10 ਨਵੰਬਰ ਨੂੰ ਹਰਿ ਕੀ ਪੌੜੀ, ਲਕਸ਼ਮਣ ਝੂਲਾ, ਉਤਰਾਖੰਡ ਦੇ ਚਾਰ ਧਾਮ ਅਤੇ ਰੁੜਕੀ ਦੀ ਧਾਰਮਿਕ ਮਜ਼ਾਰ ਵਿਖੇ ਵੀ ਤਬਾਹੀ ਮਚਾਉਣ ਦੀ ਧਮਕੀ ਦਿੱਤੀ ਗਈ ਹੈ। ਏਰੀਆ ਕਮਾਂਡਰ ਦੇ ਨਾਂ ਤੋਂ ਬਾਅਦ ਕਿਸ਼ਤਵਾੜ, ਜੰਮੂ-ਕਸ਼ਮੀਰ, ਕਰਾਚੀ ਅਤੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਗਿਆ ਹੈ।

LEAVE A REPLY