ਓਂਟਾਰੀਓ ਸਿੱਖਾਂ ਨੂੰ ਮਿਲ ਸਕਦੈ ਖਾਸ ਤੋਹਫਾ, ਸਿੱਖ ਐੱਮ. ਪੀ. ਪੀ. ਪ੍ਰਭਮੀਤ ਨੇ ਪੇਸ਼ ਕੀਤਾ ਬਿੱਲ

0
75

ਓਂਟਾਰੀਓ (ਟੀ.ਐਲ.ਟੀ. ਨਿਊਜ਼)- ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਵੀ ਹੁਣ ਸਿੱਖਾਂ ਨੂੰ ਦਸਤਾਰ ਸਜਾ ਕੇ ਬਾਈਕ ਚਲਾਉਣ ਦੀ ਛੋਟ ਮਿਲ ਸਕਦੀ ਹੈ। ਹੁਣ ਤਕ ਉਨ੍ਹਾਂ ਦੇ ਅਜਿਹਾ ਕਰਨ ‘ਤੇ ਪੁਲਸ ਤੋਂ ਚਲਾਨ ਟਿਕਟ ਕੱਟਿਆ ਜਾਂਦਾ ਹੈ। ਓਂਟਾਰੀਓ ਅਸੈਂਬਲੀ ਦੇ ਐੱਮ. ਪੀ. ਪੀ. ਪ੍ਰਭਮੀਤ ਸਰਕਾਰੀਆ ਨੇ ਸਿੱਖਾਂ ਨੂੰ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਦੀ ਛੋਟ ਦੇਣ ਲਈ ਬਿੱਲ ਪੇਸ਼ ਕੀਤਾ ਹੈ। ਇਹ ਇਕ ਪ੍ਰਾਈਵੇਟ ਮੈਂਬਰ ਬਿੱਲ ਹੈ, ਜਿਸ ‘ਤੇ ਹੁਣ 18 ਅਕਤੂਬਰ ਨੂੰ ਪਹਿਲੀ ਰੀਡਿੰਗ ‘ਤੇ ਬਹਿਸ ਹੋਵੇਗੀ।
ਇਸ ਦੇ ਬਾਅਦ ਜੇਕਰ ਸਭ ਦੀ ਸਹਿਮਤੀ ਨਾਲ ਇਸ ਨੂੰ ਪਾਸ ਕੀਤਾ ਗਿਆ ਤਾਂ ਦੂਜੀ ਰੀਡਿੰਗ ਮਗਰੋਂ ਇਸ ਸਾਲ ਦੇ ਅਖੀਰ ਤਕ ਇਸ ਨੂੰ ਕਾਨੂੰਨ ਬਣਾ ਦਿੱਤਾ ਜਾਵੇਗਾ ਅਤੇ ਸਿੱਖ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣਗੇ। ਇਸ ਸਬੰਧ ‘ਚ ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਅਸੀਂ ਕੋਈ ਤਰੀਕ ਅਜੇ ਤੈਅ ਨਹੀਂ ਕੀਤੀ ਪਰ ਅਸੀਂ ਉਮੀਦ ਕਰਦੇ ਹਾਂ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ। ਇਸ ਲਈ ਸਿੱਖ ਮੋਟਰਸਾਈਕਲ ਕਲੱਬ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਪਹਿਲਾਂ ਐੱਨ. ਡੀ. ਪੀ. ‘ਚ ਡਿਪਟੀ ਲੀਡਰ ਰਹਿੰਦੇ ਹੋਇਆ ਜਗਮੀਤ ਸਿੰਘ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਲਿਬਰਲਾਂ ਦੇ ਵਿਰੋਧ ਕਾਰਨ ਉਹ ਸਫਲ ਨਹੀਂ ਹੋ ਸਕੇ ਸਨ। ਬੀਤੇ ਸਮੇਂ ‘ਚ ਐੱਨ. ਡੀ. ਪੀ. ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਇਸ ਬਿੱਲ ਨੂੰ ਪਾਸ ਕਰਨ ਦੀ ਹਿਮਾਇਤ ਕਰਦੀ ਰਹੀ ਹੈ। ਕਾਫੀ ਲੋਕਾਂ ਦਾ ਮੰਨਣਾ ਹੈ ਕਿ ਲਿਬਰਲਾਂ ਦੇ ਥੋੜੇ-ਬਹੁਤ ਵਿਰੋਧ ਦੇ ਬਾਅਦ ਇਹ ਬਿੱਲ ਆਸਾਨੀ ਨਾਲ ਦੂਜੀ ਤੀਜੀ ਰੀਡਿੰਗ ਮਗਰੋਂ ਕਾਨੂੰਨ ਬਣ ਜਾਵੇਗਾ।
ਜੇਕਰ ਅਜਿਹਾ ਹੋਇਆ ਤਾਂ ਓਂਟਾਰੀਓ ਕੈਨੇਡਾ ਦਾ ਚੌਥਾ ਅਜਿਹਾ ਸੂਬਾ ਬਣ ਜਾਵੇਗਾ, ਜਿੱਥੇ ਸਿੱਖਾਂ ਨੂੰ ਇਹ ਛੋਟ ਹੋਵੇਗੀ। ਇਸ ਤੋਂ ਪਹਿਲਾਂ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬੇ ‘ਚ ਸਿੱਖਾਂ ਨੂੰ ਇਹ ਛੋਟ ਮਿਲੀ ਹੋਈ ਹੈ।

LEAVE A REPLY