ਮੁੱਖ ਮੰਤਰੀ ਪੰਜਾਬ ਵਲੋਂ ਸਿੱਖਿਆ ਵਿਭਾਗ ਨੂੰ 80 ਕਰੋੜ ਦੇਣ ਦੇ ਨਿਰਦੇਸ਼

0
294

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਸਿੱਖਿਆ ਵਿਭਾਗ ਨੂੰ 80 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਇਸੇ ਦੌਰਾਨ ਹੀ ਉਨ੍ਹਾਂ ਨੇ ਹੋਰਨਾਂ ਵਿਭਾਗਾਂ ਦੇ ਬਜਟ ਵਿੱਚ ਕਟੌਤੀ ਕਰਕੇ ਸੂਬੇ ਦੇ ਸਿੱਖਿਆ ਸੈਕਟਰ ‘ਚ ਸੁਧਾਰ ਕਰਨ ਲਈ ਸਿੱਖਿਆ ਵਾਸਤੇ ਹੋਰ ਫੰਡ ਉਪਲੱਬਧ ਕਰਾਉਣ ਦੀ ਇੱਛਾ ਵੀ ਦੁਹਰਾਈ ਹੈ।  ਮੁੱਖ ਮੰਤਰੀ ਨੇ ਇਹ ਫੈਸਲਾ ਬੀਤੀ ਦੁਪਹਿਰ ਆਪਣੇ ਸਰਕਾਰੀ ਨਿਵਾਸ ਸਥਾਨ ‘ਤੇ ਅਧਿਆਪਕਾਂ ਦੇ ਮਾਹਿਰ ਗਰੁੱਪ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ। ਇਸ ਗਰੁੱਪ ‘ਚ ਉਨ੍ਹਾਂ ਪ੍ਰਿੰਸੀਪਲ/ਹੈਡਮਾਸਟਰ/ਸਕੂਲਾਂ ਦੇ ਪ੍ਰਸ਼ਾਸਕ ਸ਼ਾਮਲ ਹਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਬੋਰਡ ਦੇ ਇਮਤਿਹਾਨਾਂ ‘ਚ ਉੱਚ ਦਰਜੇ ਦੀ ਕਾਰਗੁਜ਼ਾਰੀ ਦਿਖਾਈ ਹੈ। ਮੁੱਖ ਮਤਰੀ ਨੇ ਪੰਜਾਬ ਦੇ ਸਕੂਲ ਸਿੱਖਿਆ ਦੇ ਪੱਧਰ ਨੂੰ ਉਪਰ ਚੁਕੱਣ ਲਈ ਮੀਟਿੰਗ ਦੌਰਾਨ ਸੁਝਾਅ ਵੀ ਪ੍ਰਾਪਤ ਕੀਤੇ।  ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਕਾਇਆ-ਕਲਪ ਕਰਦੇ ਹੋਏ ਫੰਡਾਂ ਦੀ ਕੋਈ ਵੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਕੂਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਨਾਉਣ ਲਈ ਵਿਸਤ੍ਰਿਤ ਸਕੀਮ ਤਿਆਰ ਕਰਨ ਵਾਸਤੇ ਸਕੂਲ ਵਿਭਾਗ ਦੇ ਸਕੱਤਰ ਨੂੰ ਨਿਰਦੇਸ਼ ਦਿੱਤੇ ਤਾਂ ਜੋ ਇਸ ਵਾਸਤੇ ਲੋੜੀਂਦੇ ਫੰਡ ਉਪਲੱਬਧ ਕਰਾਏ ਜਾ ਸਕਣ। ਉਨ੍ਹਾਂ ਨੇ ਪੰਜਾਬ ਦੇ ਐੱਨ. ਆਰ. ਆਈਜ਼ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਮਰੱਥਨ ‘ਚ ਅੱਗੇ ਆਉਣ ਅਤੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਉਦਯੋਗ ਨੂੰ ਵੀ ਸੀ. ਐਸ. ਆਰ. ਪਹਿਲਕਦਮੀਆਂ ਰਾਹੀਂ ਮਦਦ ਦੇਣ ਲਈ ਕਿਹਾ ਹੈ।

LEAVE A REPLY