ਯੂ.ਕੇ. ‘ਚ ਸਿੱਖ ਕੈਦੀਆਂ ਨੂੰ ਧਾਰਮਿਕ ਸਿੱਖਿਆ ਦੇਣ ਵਾਲੇ ਪ੍ਰਚਾਰਕਾਂ ਦੀ ਕਾਨਫ਼ਰੰਸ

0
355

ਲੰਡਨ ਇੰਗਲੈਂਡ ਦੀਆਂ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਅਤੇ ਉਨ੍ਹਾਂ ਨੂੰ ਧਾਰਮਿਕ ਸਿੱਖਿਆਵਾਂ ਦੇਣ ਵਾਲੀ ਸੰਸਥਾ ਸਿੱਖ ਪਰੀਜ਼ਨ ਚੈਪਲੈਂਸੀ ਸਰਵਿਸ ਯੂ. ਕੇ. ਦੇ ਪ੍ਰਚਾਰਕਾਂ ਦੀ ਦੋ ਦਿਨਾਂ ਰਾਸ਼ਟਰੀ ਟਰੇਨਿੰਗ ਕਾਨਫ਼ਰੰਸ ਹੋਈ। ਇਹ ਕਾਨਫਰੰਸ ਪਰੀਜ਼ਨ ਸਰਵਿਸ ਕਾਲਜ ਨਿਊਬੋਲਡ ਰੀਵਲਸ, ਰਘਬੀ ਵਿਖੇ ਹੋਈ। ਚੈਪਲੈਂਸੀ ਸਰਵਿਸ ਦੇ ਮੁੱਖੀ ਮਾਈਕ ਕੈਵਾਨਾਗ ਅਤੇ ਲਾਰਡ ਇੰਦਰਜੀਤ ਸਿੰਘ ਵਲੋਂ ਇਸ ਕਾਨਫ਼ਰੰਸ ਵਿਚ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ ਗਿਆ। ਸਿੱਖ ਚੈਪਲੈਂਸੀ ਸਰਵਿਸ ਦੇ ਡਿਪਟੀ ਡਾਇਰੈਕਟਰ ਗਗਨਦੀਪ ਸਿੰਘ, ਰਵ ਫਿਲ ਤੋਂ ਇਲਾਵਾ ਅਜਮੇਰ ਸਿੰਘ ਆਦਿ ਵੀ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਜੇਲਾਂ ਵਿਚ ਬੰਦ ਕੈਦੀਆਂ ਨੂੰ ਧਾਰਮਿਕ ਸਿੱਖਿਆਵਾਂ ਦੇ ਕੇ ਕੈਦੀਆਂ ਨੂੰ ਅਪਰਾਧਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਉਨ੍ਹਾਂ ਨੂੰ ਚੰਗੇ ਸ਼ਹਿਰੀ ਬਣਾਉਣ ਲਈ ਯਤਨ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰਚਾਰਕਾਂ ਵਲੋਂ ਕੈਦੀਆਂ, ਪ੍ਰਸ਼ਾਸਨ ਅਤੇ ਸਿੱਖ ਭਾਈਚਾਰੇ ਦਰਮਿਆਨ ਇਕ ਪੌੜੀ ਦਾ ਕੰਮ ਕੀਤਾ ਜਾਂਦਾ ਹੈ। ਕੈਦੀਆਂ ਦੇ ਹੱਕਾਂ ਅਤੇ ਉਨ੍ਹਾਂ ਨੂੰ ਚੰਗੇ ਸ਼ਹਿਰੀ ਬਣਨ ਲਈ ਪ੍ਰੇਰਨਾ ਦੇਣ ਲਈ ਸਿੱਖ ਪਰੀਜ਼ਨ ਚੈਪਲੈਂਸੀ ਸਰਵਿਸ ਯੂ.ਕੇ. ਵੱਲੋਂ ਪਿਛਲੇ 30 ਸਾਲ ਤੋਂ ਵੱਧ ਸਮੇਂ ਤੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਯੂ.ਕੇ. ਭਰ ਦੇ ਗੁਰੂ ਘਰਾਂ ਨੂੰ ਸਿੱਖ ਚੈਪਲਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਕਿ ਸਿੱਖ ਕੈਦੀਆਂ ਨੂੰ ਗੁਟਕੇ, ਦੇਗ ਅਤੇ ਹੋਰ ਧਾਰਮਿਕ ਸਮੱਗਰੀ ਪਹੁੰਚਾਈ ਜਾ ਸਕੇ।

LEAVE A REPLY