ਸਿੱਧੂ ਵਲੋਂ ਇਮਾਰਤ ਉਸਾਰੀਆਂ ਵਿਚ ਬੇਨਿਯਮੀਆਂ ਕਰਕੇ ਨਗਰ ਨਿਗਮ ਦੇ 8 ਅਧਿਕਾਰੀ ਮੁਅੱਤਲ,ਚੁ  10 ਅਧਿਕਾਰੀਆਂ ਨੂੰ ਜਾਰੀ ਹੋਵੇਗੀ ਚਾਰਜਸ਼ੀਟ,ਚੁ  ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਹੋਵੇਗੀ ਜਾਂਚ

0
756

 ਜਲੰਧਰ(ਰਮੇਸ਼ ਗਾਬਾ)ਸ਼ਹਿਰੀ ਖੇਤਰਾਂ ਵਿਚ ਇਮਾਰਤੀ ਉਸਾਰੀ ਵਿਚ ਬੇਨਿਯਮੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ਨਗਰ ਨਿਗਮ ਜਲੰਧਰ ਦੇ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸੀਨੀਅਰ ਟਾਊਨ ਪਲਾਨਰ, ਦੋ ਮਿਊਂਸਪਲ ਟਾਊਨ ਪਲਾਨਰ ਵੀ ਸ਼ਾਮਿਲ ਹਨ। ਸ. ਸਿੱਧੂ ਵਲੋਂ ਅੱਜ ਵਿਧਾਇਕ ਪ੍ਰਗਟ ਸਿੰਘ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਅਣਅਧਿਕਾਰਤ ਤਰੀਕੇ ਨਾਲ ਉਸਾਰੀਆਂ ਤੇ ਉਸਾਰੀ ਅਧੀਨ ਇਮਾਰਤਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਭਾਰੀ ਬੇਨਿਯਮੀਆਂ ਮਿਲਣ ‘ਤੇ ਸ. ਸਿੱਧੂ ਵਲੋਂ 8 ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ 10 ਨੂੰ ਚਾਰਜ਼ਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਵਿਚ ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਮਿਊਂਸਪਲ ਟਾਊਨ ਪਲਾਨਰ ਮੋਨਿਕਾ ਆਨੰਦ ਤੇ ਮੇਹਰਬਾਨ ਸਿੰਘ, ਸਹਾਇਕ ਟਾਊਨ ਪਲਾਨਰ ਨਰੇਸ਼ ਮਹਿਤਾ, ਬਲਵਿੰਦਰ, ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ, ਪੂਜਾ ਮਾਨ ਤੇ ਅਜੀਤ ਸ਼ਰਮਾ ਸ਼ਾਮਿਲ ਹਨ। ਇਸੇ ਤਰ੍ਹਾਂ ਸ੍ਰ.ਸਿੱਧੂ ਨੇ ਦੱਸਿਆ ਕਿ 10 ਅਧਿਕਾਰੀਆਂ ਨੂੰ ਚਾਰਜ਼ਸੀਟ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਵਿੱਚ  ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਮਿਊਂਸਪਲ ਟਾਊਨ ਪਲਾਨਰ ਮੋਨਿਕਾ ਆਨੰਦ ਤੇ ਮੇਹਰਬਾਨ ਸਿੰਘ, ਸਹਾਇਕ ਟਾਊਨ ਪਲਾਨਰ ਨਰੇਸ਼ ਮਹਿਤਾ, ਬਲਵਿੰਦਰ, ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ, ਪੂਜਾ ਮਾਨ, ਅਰੁਣ ਖੰਨਾ,ਰਜਿੰਦਰ ਸ਼ਰਮਾ,ਅਜੀਤ ਸ਼ਰਮਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਇਨਾਂ ਅਧਿਕਾਰੀਆਂ ਵਿਰੁੱਧ ਮਿਊਂਸੀਪਲ ਐਕਟ ਦੀ ਧਾਰਾ 298 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ.ਦਰਜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਮਿਊਂਸੀਪਲ ਐਕਟ ਦੀ ਧਾਰਾ 8 ਤਹਿਤ ਇਨਾਂ ਅਧਿਕਾਰੀਆਂ ਨੂੰ ਚਾਰਜ਼ਸੀਟ ਜਾਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਇਨਾਂ ਨੂੰ ਨੌਕਰੀ ਤੋਂ ਬਰਖਾਸ਼ਤ ਕਰਨ ਦੀ ਵੀ ਵਿਵਸਥਾ ਹੈ। ਉਨ੍ਹਾਂ ਇਹ ਵੀ ਸ਼ਪਸਟ ਕੀਤਾ ਕਿ ਇਨ੍ਹਾਂ ਅਧਿਕਾਰੀਆਂ ਦੇ ਜਾਇਦਾਦਾਂ ਦੀ ਜਾਂਚ ਵੀ ਕਰਵਾਈ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਪਾਏ ਜਾਣ ‘ਤੇ ਜਾਇਦਾਦਾਂ ਨੂੰ ਵੀ ਅਟੈਚ ਕੀਤਾ ਜਾਵੇਗਾ। ਸ੍ਰ.ਸਿੱਧੂ ਨੇ ਇਹ ਵੀ ਦੱਸਿਆ ਕਿ ਉਨਾਂ ਵਲੋਂ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਉਠਾਇਆ ਜਾਵੇਗਾ । ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਮਾਰਤੀ ਉਸਾਰੀ ਤਹਿਤ ਇਮਾਰਤਾਂ ਦੀ ਸੁਰੱਖਿਆ ਅਤੇ ਵਿਸ਼ੇਸ਼ ਕਰਕੇ ਅੱਗ ਤੋਂ ਬਚਾਅ ਬਾਰੇ ਨਿਯਮਾਂ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਜਿਥੇ ਸ਼ਹਿਰ ਵਿੱਚ ਗੈਰ ਕਾਨੂੰਨੀ ਇਮਾਰਤਾਂ ਦੀ ਧੜਾ-ਧੜ ਉਸਾਰੀ ਹੋਈ ਉਥੇ ਸੂਬੇ ਦੇ ਮਾਲੀਏ ਨੂੰ ਵੀ ਨੁਕਸਾਨ ਪੁੱਜਾ।ਭਵਿੱਖ ਵਿੱਚ ਨਜਾਇਜ਼ ਇਮਾਰਤਾਂ ਦੀ ਉਸਾਰੀ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦਸਦਿਆਂ ਸ੍ਰ.ਸਿੱਧੂ ਨੇ ਕਿਹਾ ਕਿ ਸਾਰੇ ਸ਼ਹਿਰ ਨੂੰ ਜ਼ੋਨਾਂ ਵਿੱਚ ਵੰਡਿਆ ਜਾ ਰਿਹਾ ਹੈ ਜੋ ਕਿ ਅਗੋਂ ਅਧਿਕਾਰੀਆਂ ਨੂੰ ਅਲਾਟ ਕੀਤੇ ਜਾਣਗੇ ਅਤੇ ਇਨਾਂ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਲਈ ਸਬੰਧਿਤ ਅਧਿਕਾਰੀ ਹੀ ਜਿੰਮੇਵਾਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ  ਅਗਲੇ ਤਿੰਨ ਮਹੀਨੇ ਦੌਰਾਨ 500 ਨਵੇਂ ਅਧਿਕਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਜੋ ਵਿਭਾਗ ਨੂੰ ਹੋਰ ਚੁਸਤ ਦਰੁਸਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ ਅਤੇ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇਗੀ।    ਇਸ ਮੌਕੇ ਵਿਧਾਇਕ ਪਰਗਟ ਸਿੰਘ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਡਾਇਰੈਕਟਰ ਸਥਾਨਕ ਸਰਕਾਰਾਂ ਕਰਨੇਸ਼ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਡਾ.ਬਸੰਤ ਗਰਗ, ਵਧੀਕ ਕਮਿਸ਼ਨਰ ਵਿਸ਼ੇਸ਼ ਸਾਰੰਗਲ ਹਾਜ਼ਰ ਸਨ।

LEAVE A REPLY