ਕੇਂਦਰ ਸਰਕਾਰ 550 ਸਾਲ ਪ੍ਰਕਾਸ਼ ਪੁਰਬ ਤੱਕ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰੇ- ਸੰਤ ਸੀਚੇਵਾਲ

0
308

ਜਨ ਸੰਪਰਕ ਮੁਹਿੰਮ ਤਹਿਤ ਭਾਜਪਾ ਦੇ ਕੌਮੀ ਸਕੱਤਰ ਆਰ.ਪੀ ਸਿੰਘ ਦੀ ਸੰਤ ਸੀਚੇਵਾਲ ਨਾਲ ਮੁਲਾਕਾਤ

ਜਲੰਧਰ/ਸ਼ਾਹਕੋਟ(ਰਮੇਸ਼ ਗਾਬਾ)ਭਾਜਪਾ ਵੱਲੋਂ ਦੇਸ਼ ਭਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਜਨ ਸੰਪਰਕ ਕਰਨ ਦੀ ਚਲਾਈ ਜਾ ਰਹੀ ਜਨ ਸੰਪਰਕ ਤਹਿਤ ਭਾਜਪਾ ਦੇ ਕੌਮੀ ਸਕੱਤਰ ਆਰ.ਪੀ ਸਿੰਘ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਭਾਜਪਾ ਆਗੂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੁੜ ਸੁਰਜੀਤ ਕੀਤੀ ਪਵਿੱਤਰ ਕਾਲੀ ਵੇਈਂ ਦਾ ਜ਼ਿਕਰ ਕਰਦਿਆ ਕਿਹਾ ਕਿ ਵੇਈਂ ਦੀ ਕਾਰ ਸੇਵਾ ਨੇ ਦੂਜੀਆਂ ਨਦੀਆਂ ਨੂੰ ਸਾਫ਼ ਰੱਖਣ ਦਾ ਸਫ਼ਲ ਮਾਡਲ ਜੋ ਦੇਸ਼ ਸਾਹਮਣੇ ਰੱਖਿਆ ਹੈ, ਉਸ ਨਾਲ ਦੇਸ਼ ਦੀ ਕੌਮੀ ਨਦੀਂ ਨੂੰ ਵੀ ਸਹਿਜੇ ਹੀ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਭਾਜਪਾ ਆਗੂ ਆਰ.ਪੀ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗੰਗਾ ਦੀ ਸਫਾਈ ਲਈ ਸੰਤ ਸੀਚੇਵਾਲ ਵੱਲੋਂ ਕਾਲੀ ਵੇਈਂ ‘ਤੇ ਕੀਤੇ ਗਏ ਤਜ਼ਰਬਿਆਂ ਦਾ ਲਾਭ ਲਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਬਾਰੇ ਜੋ ਸੁਝਾਅ ਸੰਤ ਸੀਚੇਵਾਲ ਨੇ ਦਿੱਤੇ ਹਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾ ਦਿੱਤੇ ਜਾਣਗੇ।  ਉਨ੍ਹਾ ਦੱਸਿਆ ਕਿ ਗੰਗਾ ਨਾਲ ਕਰੋੜਾਂ ਲੋਕਾਂ ਦਾ ਜੀਵਨ ਜੁੜਿਆ ਹੋਇਆ ਹੈ ਅਤੇ ਦੇਸ਼ ਦੀਆਂ ਨਦੀਆਂ ਅਤੇ ਦਰਿਆ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਹਨ, ਇੰਨ੍ਹਾਂ ਨੂੰ ਬਚਾਉਣ ਨਾਲ ਹੀ ਦੇਸ਼ ਅੰਦਰੋ ਜਲ ਸੰਕਟ ਦੀ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਆਰ.ਪੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਵਿੱਤਰ ਕਾਲੀ ਵੇਈਂ ਦੀ ਜੋ ਕਾਰ ਸੇਵਾ ਸੰਤ ਸੀਚੇਵਾਲ ਦੀ ਅਗਵਾਈ ਹੇਠ ਕੀਤੀ ਹੈ, ਉਸ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ। ਗੰਗਾ ਸਮੇਤ ਹੋਰ ਦੂਸ਼ਿਤ ਨਦੀਆਂ ਨੂੰ ਸਾਫ਼ ਰੱਖਣ ਲਈ ਪੰਜਾਬ ਦੇ ਲੋਕਾਂ ਵੱਲੋਂ ਜੋ ਤਜ਼ਰਬੇ ਕਾਲੀ ਵੇਈਂ ‘ਤੇ ਕੀਤੇ ਹਨ, ਉਹ ਲੋੜਾਂ ਮੁਤਾਬਿਕ ਕੀਤੇ ਗਏ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਦੌਰਾਨ ਆਰ.ਪੀ ਸਿੰਘ ਨੂੰ ਦੱਸਿਆ ਕਿ ਪੰਜਾਬ ਵਿੱਚ ਕੈਂਸਰ ਤੇ ਕਾਲਾ ਪੀਲੀਆ ਨਾਲ ਲੋਕ ਮਰ ਰਹੇ ਹਨ, ਕਿਉਂਕਿ ਪੰਜਾਬ ਦੇ ਪਾਣੀਆਂ ਵਿੱਚ ਜ਼ਹਿਰਾਂ ਘੁਲ ਚੁੱਕੀਆਂ ਹਨ। ਸੂਬੇ ਦੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਲਈ ਕੇਂਦਰ ਸਰਕਾਰ ਪੰਜਾਬ ਦੀ ਬਾਂਹ ਫੜੇ। ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਵਿੱਚ ਕੇਂਦਰ ਸਰਕਾਰ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਟੀਚਾ ਮਿੱਥੇ। ਸੁਲਤਾਨਪੁਰ ਲੋਧੀ ਨੂੰ ਸੋਲਰ ਸਿਟੀ ਬਣਾਉਣ। ਰੇਲਵੇ ਲਾਈਨਾਂ ‘ਤੇ ਬਣਨ ਵਾਲੇ ਫਲਾਈ ਓਵਰ ਬਣਾਏ ਜਾਣ। ਜਦੋਂ ਉਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਵੇਈਂ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਉਦੋਂ ਉਨ੍ਹਾਂ ਨੂੰ ਆਰਥਿਕ ਸੰਕਟ ਵਿੱਚੋਂ ਵੀ ਲੰਘਣਾ ਪਿਆ ਸੀ, ਪਰ ਗੰਗਾ ਦੀ ਸਫ਼ਾਈ ਲਈ ਤਾਂ ਸਰਕਾਰ ਪਹਿਲਾਂ ਹੀ 20 ਹਜ਼ਾਰ ਕਰੋੜ ਰੂਪਏ ਦਾ ਪ੍ਰਬੰਧ ਕਰਕੇ ਚੱਲ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਚਾਰ ਸਾਲਾਂ ਦੌਰਾਨ ਜਿੰਨ੍ਹਾਂ ਕੰਮ ਹੋਣਾ ਚਾਹੀਦਾ ਸੀ ਉਨ੍ਹਾਂ ਨਹੀਂ ਹੋਇਆ। ਆਰ.ਪੀ ਸਿੰਘ ਨੂੰ ਸੰਤ ਸੀਚੇਵਾਲ ਨੇ ਰੇਲਵੇ ਸ਼ਟੇਸ਼ਨ ਅਤੇ ਸੀਚੇਵਾਲ ਮਾਡਲ ਦਿਖਾਇਆ। ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਆਗੂ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।

 

LEAVE A REPLY