ਹੁਣ ਸੌਖਾ ਨਹੀਂ ‘ਅਸਲਾ ਲਾਈਸੈਂਸ’ ਰੀਨਿਊ ਕਰਾਉਣਾ

0
267

ਮੋਹਾਲੀ  : ਪਹਿਲਾਂ ਦੀ ਤਰ੍ਹਾਂ ਹੁਣ ਲੋਕਾਂ ਲਈ ਅਸਲਾ ਲਾਈਸੈਂਸ ਰੀਨਿਊ ਕਰਾਉਣਾ ਸੌਖਾ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਡੋਪ ਟੈਸਟ ਦੀ ਪ੍ਰਕਿਰਿਆ ‘ਚੋਂ ਲੰਘਣਾ ਪੈ ਰਿਹਾ ਹੈ, ਜਿਸ ਤਹਿਤ ਹੁਣ ਤੱਕ ਫੇਜ਼-6 ਸਥਿਤ ਸਿਵਲ ਹਸਪਤਾਲ ਵਿਚ 258 ਲੋਕਾਂ ਨੇ ਅਸਲਾ ਲਾਇਸੰਸ ਰੀਨਿਊ ਕਰਵਾਉਣ ਲਈ ਡੋਪ ਟੈਸਟ ਦਿੱਤਾ। ਇਨ੍ਹਾਂ ਵਿਚੋਂ 30 ਡੋਪ ਟੈਸਟ ਵਿਚ ਪਾਜ਼ੇਟਿਵ ਪਾਏ ਗਏ, ਜਿਸ ਦੀ ਰਿਪੋਰਟ ਸਿਵਲ ਹਸਪਤਾਲ ਤੋਂ ਸਿੱਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਡੀ. ਸੀ. ਦਫਤਰ ਵਿਚ ਪਹੁੰਚ ਜਾਵੇਗੀ । ਜਿਹੜਾ ਡੋਪ ਟੈਸਟ ਵਿਚ ਫੇਲ ਹੋਇਆ, ਉਸ ਦਾ ਲਾਇਸੈਂਸ ਰੀਨਿਊ ਨਹੀਂ ਹੋਵੇਗਾ, ਭਾਵੇਂ ਉਸ ਦੀ ਕਿੰਨੀ ਹੀ ਵੱਡੀ ਸਿਫਾਰਿਸ਼ ਕਿਉਂ ਨਾ ਹੋਵੇ । ਹਰ ਇਕ ਵਿਅਕਤੀ ਤੋਂ 1500 ਰੁਪਏ ਲਏ ਜਾ ਰਹੇ ਹਨ। ਪਹਿਲਾਂ ਜੇਕਰ ਕੋਈ ਨਵਾਂ ਅਸਲਾ ਲਾਇਸੈਂਸ ਬਣਾਉਂਦਾ ਸੀ ਤਾਂ ਉਸ ਨੂੰ ਹੀ ਡੋਪ ਟੈਸਟ ਦੇਣਾ ਪੈਂਦਾ ਸੀ ਪਰ ਹੁਣ ਉਸ ਨੂੰ ਰੀਨਿਊਅਲ ਲਈ ਵੀ ਡੋਪ ਟੈਸਟ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
30 ਦੇ ਹੋਣਗੇ ਲਾਇਸੈਂਸ ਕੈਂਸਲ 
ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜੁਲਾਈ 2016 ਵਿਚ ਬਣਾਏ ਗਏ ਰੂਲ ਨੂੰ ਪੰਜਾਬ ਵਿਚ ਲਾਗੂ ਨਹੀਂ ਕੀਤਾ ਗਿਆ ਸੀ, ਜਦੋਂਕਿ ਗ੍ਰਹਿ ਵਿਭਾਗ ਪੰਜਾਬ ਨੇ ਲਾਇਸੈਂਸ ਲਈ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਸਨ, ਜਿਸ ਤੋਂ ਬਾਅਦ ਜਾ ਕੇ ਪੰਜਾਬ ਵਲੋਂ ਇਸ ਨੂੰ 2018 ਵਿਚ ਲਾਗੂ ਕੀਤਾ ਗਿਆ ।  ਡੀ. ਸੀ. ਗੁਰਪ੍ਰੀਤ ਕੌਰ ਸਪਰਾ ਨੂੰ ਭੇਜੇ ਗਏ ਪੱਤਰ ਵਿਚ ਦੱਸਿਆ ਗਿਆ ਹੈ ਕਿ ਆਰਮਜ਼ ਐਕਟ 1959 ਐਂਡ ਰੂਲਸ 2016 ਦੇ ਨੰਬਰ 11 ਦੇ (ਜੀ) ਅਨੁਸਾਰ ਬਿਨੇਕਾਰ ਦਾ ਅਸਲਾ ਲਾਇਸੈਂਸ ਬਣਾਉਣ ਜਾਂ ਰੀਨਿਊ ਕਰਨ ਲਈ ਡੋਪ ਸਰਟੀਫਿਕੇਟ ਲੈਣਾ ਯਕੀਨੀ ਬਣਾਇਆ ਜਾਵੇ ।ਹੁਣ ਇਸ ਤਹਿਤ ਜੇਕਰ ਕੋਈ ਵੀ ਡੋਪ ਟੈਸਟ ਵਿਚ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਅਸਲਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਵੇਗਾ । ਰੋਜ਼ਾਨਾ ਸਿਵਲ ਹਸਪਤਾਲ ਵਿਚ 15 ਲੋਕਾਂ ਦਾ ਡੋਪ ਟੈਸਟ ਹੁੰਦਾ ਹੈ ਤੇ ਉਨ੍ਹਾਂ ਦੀ ਰਿਪੋਰਟ ਅਗਲੇ ਦਿਨ ਦਿੱਤੀ ਜਾਂਦੀ ਹੈ, ਜਿਸ ਕਾਰਨ ਜਿਨ੍ਹਾਂ ਦੇ ਸ਼ਨੀਵਾਰ ਨੂੰ ਟੈਸਟ ਹੋਏ ਸਨ ਉਨ੍ਹਾਂ ਦੀ ਰਿਪੋਰਟ ਸੋਮਵਾਰ ਨੂੰ ਮਿਲੇਗੀ ।
ਰੱਖਣਾ ਹੈ ਅਸਲਾ ਤਾਂ ਛੱਡਣਾ ਪਵੇਗਾ ਨਸ਼ਾ
ਅਸਲਾ ਲਾਇਸੈਂਸ ਰੀਨਿਊ ਕਰਵਾਉਣ ‘ਤੇ ਡੋਪ ਟੈਸਟ ਦੇਣਾ ਕਾਨੂੰਨੀ ਤੌਰ ‘ਤੇ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਦੀ ਪਾਲਣਾ ਹਰ ਵਿਅਕਤੀ ਨੂੰ ਕਰਨੀ ਹੀ ਹੋਵੇਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਲੋਕ ਨਵਾਂ ਲਾਇਸੈਂਸ ਬਣਵਾਉਣ ਲਈ ਕਾਫ਼ੀ ਦਿਨ ਪਹਿਲਾਂ ਹੀ ਨਸ਼ਾ ਕਰਨਾ ਛੱਡ ਦਿੰਦੇ ਸਨ, ਹੁਣ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਨ੍ਹਾਂ ਦੇ ਡੋਪ ਟੈਸਟ ਵਿਚੋਂ ਫੇਲ ਹੋਣ ਤੋਂ ਬਾਅਦ ਲਾਇਸੈਂਸ ਕੈਂਸਲ ਕਰ ਦਿੱਤੇ ਜਾਣਗੇ ।ਪੰਜਾਬ ਸਰਕਾਰ ਵਲੋਂ ਜੋ ਲਾਇਸੈਂਸ ਰੀਨਿਊ ਲਈ ਡੋਪ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ, ਇਸ ਨਾਲ ਲੋਕਾਂ ਲਈ ਦੋ ਹੀ ਆਪਸ਼ਨਾਂ ਬਚਦੀਆਂ ਹਨ ਕਿ ਜਾਂ ਤਾਂ ਉਹ ਨਸ਼ਾ ਕਰਨ ਜਾਂ ਅਸਲਾ ਲਾਇਸੈਂਸ ਰੱਖਣ।
10 ਟੈਸਟ ਹੁੰਦੇ ਹਨ 1500 ਦੀ ਕਿੱਟ ‘ਚ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ 13 ਅਪ੍ਰੈਲ 2018 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਜੋ ਡੋਪ ਟੈਸਟ ਕੀਤੇ ਜਾਣਗੇ, ਉਸ ਲਈ ਜੋ ਕਿੱਟ ਆਏਗੀ ਉਸ ਦੀ ਕੀਮਤ 1500 ਰੁਪਏ ਹੈ ਤੇ 1500 ਰੁਪਏ ਵਿਚ 10 ਟੈਸਟ ਹੋਣਗੇ।

LEAVE A REPLY