150 ਦਲਿਤ ਪਰਿਵਾਰਾਂ ਦੇ ਸ਼ਾਮਿਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ

0
203

ਰਣੀਕੇ ਨੇ ਕਿਹਾ ਕਿ ਦਲਿਤ ਨਾਰਾਜ਼ ਹਨ ਕਿ ਕਾਂਗਰਸ ਸਰਕਾਰ ਨੇ ਸਾਰੀਆਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ

ਸ਼ਾਹਕੋਟ (ਹਰਪ੍ਰੀਤ ਕਾਹਲੋਂ) ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਇਸ ਦੀਆਂ ਦਲਿਤ ਪੱਖੀ ਨੀਤੀਆਂ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ 150 ਦਲਿਤ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਇਹਨਾਂ ਦਲਿਤ ਪਰਿਵਾਰਾਂ ਨੇ ਕੱਲ ਦੋ ਸਮਾਗਮਾਂ ਦੌਰਾਨ ਅਤੇ ਇੱਕ ਅੱਜ ਹੋਏ ਸਮਾਗਮ ਦੌਰਾਨ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਆਉਣ ਵਾਲੇ ਦਿਨਾਂ ਵਿਚ ਹੋਰ ਬਹੁਤ ਵੀ ਸਾਰੇ ਦਲਿਤ ਪਰਿਵਾਰਾਂ ਵੱਲੋਂ ਅਕਾਲੀ ਦਲ ਦੀ ਬਾਂਹ ਫੜਣ ਦੀ ਸੰਭਾਵਨਾ ਹੈ, ਕਿਉਂਕਿ ਉਹ ਆਪ ਤੋਂ  ਨਿਰਾਸ਼ ਹੋ ਚੁੱਕੇ ਹਨ ਅਤੇ ਕਾਂਗਰਸ ਸਰਕਾਰ ਨਾਲ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰਨ ਅਤੇ ਪਿਛਲੇ ਸਾਲ ਚੋਣਾਂ ਮੌਕੇ ਲੋਕ ਭਲਾਈ ਗਰਾਂਟਾਂ ਵਿਚ ਵਾਧਾ ਕਰਨ ਦੇ ਵਾਅਦੇ ਤੋਂ ਮੁਕਰਨ ਕਰਕੇ ਨਾਰਾਜ਼ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਝੀਰੀ ਪਿੰਡ ਵਿਚ ਹੋਏ ਇਕ ਸਮਾਗਮ ਦੌਰਾਨ 32 ਦਲਿਤ ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ,  ਕਲਾਰ ਪਿੰਡ ਵਿਚ 50 ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਦੀ ਬਾਂਹ ਫੜ ਲਈ।  ਉਹਨਾਂ ਕਿਹਾ ਕਿ ਦਲਿਤ ਪਰਿਵਾਰ ਯਾਦ ਕਰਦੇ ਹਨ ਕਿ ਅਕਾਲੀ-ਭਾਜਪਾ ਕਾਰਜਕਾਲ ਸਮੇ ਸਾਰੇ ਸਮਾਜ ਭਲਾਈ ਲਾਭ ਸਮੇਂ ਸਿਰ ਮਿਲ ਜਾਂਦੇ ਸਨ, ਪਰੰਤੂ ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਹੈ, ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੁੱਝ ਦੇਣਾ ਤਾਂ ਕੀ ਸੀ, ਦਲਿਤਾਂ ਦੇ ਹਜ਼ਾਰਾਂ ਰਾਸ਼ਨ ਕਾਰਡਾਂ ਉੱਤੇ ਹੀ ਲੀਕ ਫੇਰ ਦਿੱਤੀ ਹੈ, ਜਿਸ ਕਰਕੇ ਹੁਣ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਲਾਭ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਦਲਿਤ ਪਰਿਵਾਰਾਂ ਨੇ ਇਹ ਵੀ ਦੱਸਿਆ ਕਿ ਸ਼ਗਨ ਸਕੀਮ ਅਤੇ ਐਸਸੀ ਵਜ਼ੀਫਾ ਸਕੀਮ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ।ਸਰਦਾਰ ਰਣੀਕੇ ਨੇ ਇਸ ਮੌਕੇ ਉਪਰ ਬੋਲਦਿਆਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਅੰਮ੍ਰਿਤਸਰ ਵਿਖੇ ਰਾਮ ਤੀਰਥ ਮੰਦਿਰ ਦੀ ਸਾਂਭ ਸੰਭਾਲ ਲਈ ਵੀ ਪੈਸੇ ਜਾਰੀ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਮੰਦਿਰ ਦੀ ਮਾੜੀ ਹਾਲਤ ਹੈ, ਸੇਵਾਦਾਰਾਂ ਨੁੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਇੱਥੋਂ ਤਕ ਕਿ ਪਾਣੀ ਦੀ ਸਪਲਾਈ ਰੁਕ ਗਈ ਹੈ। ਉਹਨਾਂ ਕਿਹਾ ਕਿ ਖੁਰਾਲਗੜ ਵਿਖੇ ਗੁਰੂ ਰਵੀਦਾਸ ਯਾਦਗਾਰ ਦੀ ਹਾਲਤ ਇਸ ਤੋਂ ਵੀ ਮਾੜੀ ਹੈ, ਜਿੱਥੇ ਕਾਂਗਰਸ ਸਰਕਾਰ ਵੱਲੋਂ ਫੰਡ ਨਾ ਜਾਰੀ ਕੀਤੇ ਜਾਣ ਕਰਕੇ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਦਲਿਤ ਭਾਈਚਾਰਾ ਹੁਣ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਇਹਨਾਂ ਯਾਦਗਾਰਾਂ ਦੀ ਉਸਾਰੀ ਕਰਵਾਉਣ ਦੇ ਕੰਮਾਂ ਨੂੰ ਯਾਦ ਕਰ ਰਿਹਾ ਹੈ। ਇਹ ਭਾਈਚਾਰਾ ਆਪਣੇ ਮਹਾਂਪੁਰਸ਼ਾਂ ਦਾ ਨਿਰਾਦਰ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਲਈ ਇੱਕਜੁਟ ਹੋ ਜਾਵੇਗਾ।ਐਸਸੀ ਵਿੰਗ ਦੇ ਪ੍ਰਧਾਨ ਨੇ ਕੇਂਦਰੀ ਮੈਡੀਕਲ ਬੀਮਾ ਸਕੀਮ ਨੂੰ ਪੰਜਾਬ ਵਿਚ ਲਾਗੂ ਕਰਨ ਤੋਂ ਇਨਕਾਰ ਕਰਨ ਲਈ ਵੀ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਗਰੀਬਾਂ ਅਤੇ ਹੇਠਲੇ ਤਬਕਿਆਂ ਨੂੰ ਇਸ ਸਹੂਲਤ ਦੀ ਸਖ਼ਤ ਲੋੜ ਹੈ, ਜਦੋਂ ਬਾਕੀ ਸਾਰੇ ਸੂਬੇ ਇਸ ਸਕੀਮ ਨੂੰ ਲਾਗੂ ਕਰ ਰਹੇ ਹਨ ਤਾਂ ਕਾਂਗਰਸ ਸਰਕਾਰ ਪੰਜਾਬੀਆਂ ਨੂੰ ਇਸ ਸਕੀਮ ਦੇ ਲਾਭ ਦੇਣ ਤੋਂ ਕਿਉਂ ਇਨਕਾਰ ਕਰ ਰਹੀ ਹੈ। ਇਸੇ ਦੌਰਾਨ ਸਰਦਾਰ ਰਣੀਕੇ ਨੇ ਐਦਲਪੁਰ ਪਿੰਡ ਵਿਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ, ਜਿੱਥੇ 70  ਦਲਿਤ ਪਰਿਵਾਰਾਂ ਨੇ ਆਪ ਨੂੰ ਛੱਡ ਕੇ ਅਕਾਲੀ ਦਾ ਲੜ ਫੜ ਲਿਆ। ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਸਾਬਕਾ ਸਰਪੰਚਾਂ ਨੇ ਕਿਹਾ ਕਿ ਆਪ ਦੇ ਝੂਠਾਂ ਨਾਲ ਉਹ ਗੁੰਮਰਾਹ ਹੋ ਗਏ ਸਨ। ਆਪ ਇੱਕ ਪੰਜਾਬ -ਵਿਰੋਧੀ ਅਤੇ ਪੰਜਾਬੀ-ਵਿਰੋਧੀ ਪਾਰਟੀ ਸਾਬਤ ਹੋਈ ਹੈ। ਇਹਨਾਂ ਪਰਿਵਾਰਾਂ ਨੇ ਅਕਾਲੀ ਦਲ ਦਾ ਡਟ ਕੇ ਸਮਰਥਨ ਕਰਨ ਦਾ ਭਰੋਸਾ ਦਿੱਤਾ।ਅੱਜ ਲੋਹੀਆ ਬਲਾਕ ਦੇ ਚੱਕ ਬਦਾਲਾ ਅਤੇ ਹੋਰ ਗੁਆਂਢੀ ਪਿੰਡਾਂ ਵਿਚ ਵੀ ਭਾਰੀ ਗਿਣਤੀ  ਦਲਿਤ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਕਲਿਆਣ, ਲੋਹੀਆਂ ਸਰਕਲ ਪ੍ਰਧਾਨ ਕਮਲਜੀਤ ਸੋਢੀ, ਐਸਸੀ ਵਿੰਗ ਸਕੱਤਰ ਮਨਜੀਤ ਸਿੰਘ ਮਹਿਤੋਂ, ਇਕਬਾਲ ਸਿੰਘ ਘੁੰਮਣ ਅਤੇ ਇਕਬਾਲ ਸਿੰਘ ਪੰਨੂ ਹਾਜ਼ਿਰ ਸਨ।

LEAVE A REPLY