ਰੈਸਟੋਰੈਂਟਾਂ, ਬਾਰਾਂ, ਪੱਬਾਂ ਆਦਿ ‘ਚ ਗਾਹਕਾਂ ਦੇ ਦਾਖ਼ਲ ਹੋਣ ਅਤੇ ਉਨਾਂ ਨੂੰ ਭੋਜਨ, ਸ਼ਰਾਬ ਪਰੋਸਣ ਸਬੰਧੀ ਸਮਾਂ ਹੱਦ ਬਾਰੇ ਹੁਕਮ ਜਾਰੀ

0
191

ਜਲੰਧਰ (ਰਮੇਸ਼ ਗਾਬਾ) ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਵਲੋਂ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਪੈਂਦੇ ਰੈਸਟੋਰੈਂਟਾਂ, ਬਾਰਾਂ, ਪੱਬਾਂ ਆਦਿ ‘ਚ ਗਾਹਕਾਂ ਦੇ ਦਾਖ਼ਲ ਹੋਣ ਅਤੇ ਉਨਾਂ ਨੂੰ ਭੋਜਨ, ਸ਼ਰਾਬ ਆਦਿ ਪਰੋਸਣ ਸਬੰਧੀ ਸਮਾਂ ਹੱਦ ਬਾਰੇ ਹੁਕਮ ਜਾਰੀ ਕੀਤੇ ਹਨ | ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਅਨੇਕਾਂ ਰੈਸਟੋਰੈਂਟ, ਬਾਰ, ਕਲੱਬ, ਪੱਬ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ ਅਤੇ ਇਨਾਂ ਵਲੋਂ ਡੀ.ਜੇ. ਵੀ ਰਾਤ 10 ਵਜੇ ਤੋਂ ਬਾਅਦ ਤੱਕ ਵਜਾਇਆ ਜਾਂਦਾ ਹੈ ਜਿਸ ਕਰਕੇ ਜਿਥੇ ਅਵਾਜ਼ ਪ੍ਰਦੂਸ਼ਣ ਹੁੰਦਾ ਹੈ ਉਥੇ ਹੀ ਸ਼ਾਂਤੀ ਵੀ ਭੰਗ ਹੁੰਦੀ ਹੈ | ਜਾਰੀ ਹੁਕਮਾਂ ‘ਚ ਸਪਸ਼ਟ ਕੀਤਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਦੀ ਹੱਦ ਅੰਦਰ ਕੋਈ ਵੀ ਰੈਸਟੋਰੈਂਟਾਂ, ਬਾਰਾਂ, ਪੱਬਾਂ ‘ਚ ਰਾਤ 11 ਵਜੇ ਤੋਂ ਬਾਅਦ ਭੋਜਨ, ਸ਼ਰਾਬ ਆਦਿ ਨਹੀਂ ਪਰੋਸੀ ਜਾਵੇਗੀ | ਇਸ ਤੋਂ ਇਲਾਵਾ ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ | ਉਨਾਂ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਰੈਸਟੋਰੈਂਟਾਂ, ਕਲੱਬਾਂ, ਪੱਬਾਂ ਤੇ ਬਾਰਾਂ ਤੋਂ ਸ਼ਰਾਬ ਪਰੋਸਣ ਆਦਿ ਦੇ ਲਾਇਸੰਸ ਹਨ ਉਹ ਰਾਤ 12 ਵਜੇ ਤੱਕ ਹਰ ਹਾਲ ‘ਚ ਬੰਦ ਹੋ ਜਾਣੇ ਚਾਹੀਦੇ ਹਨ | ਜਿਹੜੇ ਅਹਾਤੇ ਸ਼ਰਾਬ ਦੇ ਠੇਕਿਆਂ ਦੇ ਨਾਲ ਜੁੜੇ ਹਨ ਉਨ੍ਹਾਂ ਨੂੰ ਲਾਇਸੰਸ ਦੀਆਂ ਸ਼ਰਤਾਂ ਅਨੁਸਾਰ ਰਾਤ 11 ਵਜੇ ਤੋਂ ਪਹਿਲਾਂ ਪਹਿਲਾਂ ਬੰਦ ਕਰਨਾ ਹੋਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਸਮਾਗਮਾਂ ‘ਚ ਡੀ.ਜੇ., ਆਰਕੈਸਟਰਾ ਅਤੇ ਗਾਇਕਾਂ ਦੇ ਗਾਉਣ ਦੀ ਸਮਾਂ ਹੱਦ ਰਾਤ 10 ਵਜੇ ਤੱਕ ਹੈ | ਇਸ ਸਮੇਂ ਤੋਂ ਬਾਅਦ ਕਿਸੇ ਵੀ ਤਰ੍ਹ•ਾਂ ਦੀ ਆਵਾਜ਼ ਉਸ ਇਮਾਰਤ ਦੀ ਹੱਦ ਤੋਂ ਬਾਹਰ ਸੁਣਾਈ ਨਹੀਂ ਦੇਣੀ ਚਾਹੀਦੀ | ਇਸ ਤੋਂ ਇਲਾਵਾ ਵਾਹਨਾਂ ‘ਚ ਲੱਗੇ ਮਿਊਜ਼ਿਕ ਸਿਸਟਮ ਲਈ ਜਾਰੀ ਹਦਾਇਤਾਂ ਅਨੁਸਾਰ ਇਹ ਯਕੀਨੀ ਬਣਾਇਆ ਜਾਣਾ ਜਰੂਰੀ ਹੋਵੇਗਾ ਕਿ ਸੰਗੀਤ ਦੀ ਅਵਾਜ਼ ਵਾਹਨ ਤੋਂ ਬਾਹਰ ਸੁਣਾਈ ਨਾ ਦੇਵੇ | ਇਹ ਹੁਕਮ 15-7-18 ਤੱਕ ਲਾਗੂ ਰਹਿਣਗੇ |

LEAVE A REPLY