ਜੇਲ੍ਹਾਂ ਦੇ ਸੁਧਾਰ ਦੀ ਵਾਗਡੋਰ ਸਾਬਕਾ ਗੈਂਗਸਟਰਾਂ ਦੇ ਹੱਥ

0
161

ਚੰਡੀਗੜ੍ਹ (ਟੀਐਲਟੀ ਨਿਊਜ਼) ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਕਾਫੀ ਸਰਗਰਮ ਹਨ। ਬੀਤੇ ਕੱਲ੍ਹ ਜੇਲ੍ਹ ਮੰਤਰੀ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿੱਚ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਤੇ ਉਸ ਦੇ ਇੱਕ ਸਾਥੀ ਨਾਲ ਜੇਲ੍ਹਾਂ ‘ਚ ਸੁਧਾਰ ਦੇ ਮਾਮਲੇ ‘ਤੇ ਮੁਲਾਕਾਤ ਕੀਤੀ ਗਈ। ਇਸ ਦੌਰਾਨ ਲੱਖਾ ਸਿਧਾਣਾ ਨੇ ਜੇਲ੍ਹਾਂ ਅੰਦਰ ਹੋ ਰਹੀਆਂ ਕਈ ਗੈਰਕਾਨੂੰਨੀ ਕਾਰਵਾਈਆਂ ਦੇ ਖੁਲਾਸੇ ਕੀਤੇ। ਉਸ ਨੇ ਕਿਹਾ ਕਿ ਜੇਲ੍ਹਾਂ ਅੰਦਰ ਹੀ ਨਸ਼ਿਆਂ ਦਾ ਵਪਾਰ, ਸੁਪਾਰੀ ਲੈ ਕੇ ਕਤਲ ਕਰਾਉਣ ਜਿਹੇ ਜ਼ੁਰਮ ਹੁੰਦੇ ਹਨ।ਲੱਖਾ ਸਿਧਾਣਾ ਨੇ ਫ਼ਿਰੋਜ਼ਪੁਰ, ਕਪੂਰਥਲਾ ਤੇ ਨਾਭਾ ਦੀਆਂ ਜੇਲ੍ਹਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਲ੍ਹ ਸੁਪਰਡੈਂਟਾਂ ਦੀ ਮਿਲੀਭੁਗਤ ਨਾਲ ਹੀ ਜੇਲ੍ਹਾਂ ‘ਚ ਅਪਰਾਧ ਹੋ ਰਹੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੱਖਾ ਸਿਧਾਣਾ ਨੇ ਨਸ਼ਿਆਂ ਦੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ‘ਤੇ ਵੀ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਪਿੰਡ ਮਹਿਰਾਜ ਵਿੱਚ ਨਸ਼ੇ ਦੀ ਵਿਕਰੀ ਦਾ ਕੰਮ ਜ਼ੋਰਾਂ ‘ਤੇ ਹੈ।ਹਾਲਾਂਕਿ ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕਾਂਗਰਸ ਵੱਲੋਂ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਫੜ੍ਹ ਕੇ ਜੇਲ੍ਹਾਂ ‘ਚ ਡੱਕਣ ਦੀ ਗੱਲ ਕੀਤੀ ਗਈ ਸੀ। ਉਧਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਸੁਧਾਰ ਮਾਮਲੇ ‘ਚ ਜੇਕਰ ਕੋਈ ਵੀ ਚੰਗੀ ਸਲਾਹ ਦੇਵੇਗਾ ਤਾਂ ਉਸ ‘ਤੇ ਗੌਰ ਕੀਤਾ ਜਾਵੇਗਾ।

LEAVE A REPLY