ਨੈਸ਼ਨਲ ਹਾਈਵੇ ‘ਤੇ ਸਥਿਤ 90 ਠੇਕਿਆਂ ਨੂੰ ਬੰਦ ਕਰਵਾਉਣ ਲਈ ਨੋਟਿਸ ਜਾਰੀ

0
481

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੀ ਇੱਕ ਜਨਹਿੱਤ ਪਟੀਸ਼ਨ ਤੋਂ ਘਬਰਾਹਟ ਵਿੱਚ ਆਈ ਐਨ.ਐਚ.ਏ.ਆਈ. ਨੇ ਨੈਸ਼ਨਲ ਹਾਈਵੇ ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਲਈ ਕਾਰਵਾਈ ਤੇਜ ਕਰ ਦਿੱਤੀ ਹੈ। ਹਾਈਵੇ ਕਿਨਾਰੇ ਠੇਕੇ ਖੋਲ੍ਹਣ ਨੂੰ ਗ਼ਲਤ ਕਰਾਰ ਦਿੰਦਿਆਂ ਅਤੇ ਅਜਿਹੇ ਠੇਕਿਆਂ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈਕੇ ਇੱਕ ਸਮਾਜ ਸੇਵੀ ਸੰਸਥਾ ਨੇ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਉਕਤ ਪਟੀਸ਼ਨ ‘ਤੇ ਹਾਈਕੋਰਟ ਵੱਲੋਂ ਕੀਤੀ ਗਈ ਜਵਾਬ-ਤਲਬੀ ਦੇ ਬਾਅਦ ਐਨ.ਐਚ.ਏ.ਆਈ. ਨੇ 90 ਠੇਕਿਆਂ ਨੂੰ ਨੋਟਿਸ ਜਾਰੀ ਕਰਨ ਸਬੰਧੀ ਆਪਣਾ ਹਲਫ਼ਨਾਮਾ ਅਦਾਲਤ ਵਿੱਚ ਦੇ ਦਿੱਤਾ ਹੈ। ਇਸਦੇ ਨਾਲ ਹੀ ਐਨ.ਐਚ.ਏ.ਆਈ. ਨੇ ਆਪਦੇ ਜਵਾਬ ਦਾਅਵੇ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 150 ਦੇ ਕਰੀਬ ਠੇਕਿਆਂ ਦੀ ਪਹਿਚਾਣ ਕਰ ਲਈ ਹੈ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਨੋਟਿਸ ਭੇਜਕੇ ਬੰਦ ਕਰਵਾ ਦਿੱਤਾ ਜਾਵੇਗਾ। ਐਨ.ਐਚ.ਏ.ਆਈ. ਦੇ ਜਵਾਬ ਦਾਅਵੇ ਦੇ ਬਾਅਦ ਹਾਈਕੋਰਟ ਨੇ ਉਨ੍ਹਾਂ ਸ਼ਰਾਬ ਦੇ ਠੇਕਿਆਂ ਵਿਰੁੱਧ ਕਾਰਵਾਈ ਦੀ ਰਿਪੋਰਟ ਮੰਗ ਲਈ ਹੈ, ਜਿਨ੍ਹਾਂ ਨੂੰ ਨੋਟਿਸ ਦਿੱਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇੱਕ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਸੱਪਸ਼ਟ ਕੀਤਾ ਸੀ ਕਿ ਨੈਸ਼ਨਲ ਹਾਈਵੇ ਦੇ ਕੰਢਿਆਂ ‘ਤੇ ਜਿੱਥੇ-ਜਿੱਥੇ ਮਿਊਂਸੀਪਲ ਦਾਇਰੇ ਦੀ ਵਸੋਂ ਹੈ, ਉੱਥੇ ਸੜਕ ‘ਤੇ ਠੇਕੇ ਖੋਲ੍ਹੇ ਜਾ ਸਕਦੇ ਹਨ ਪਰ, ਵਸੋਂ ਤੋਂ ਬਾਹਰ ਵਾਲੇ ਹੋਰ ਮਿਊਂਸੀਪਲ ਖੇਤਰਾਂ ਵਿੱਚ ਹਾਈਵੇ ‘ਤੇ ਠੇਕੇ ਖੋਲ੍ਹਣ ਵੇਲੇ ਐਨ.ਐਚ.ਏ.ਆਈ ਕੋਲੋਂ ਮਨਜ਼ੂਰੀ ਲੈਣੀ ਪਵੇਗੀ।

LEAVE A REPLY