ਮਸ਼ਹੂਰ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਦਾ ਵੱਡਾ ਝਟਕਾ, 1 ਮਹੀਨੇ ‘ਚ ਪੇਸ਼ ਹੋਣ ਦੇ ਹੁਕਮ

0
209

ਮੋਹਾਲੀ : ਜ਼ਿਲਾ ਅਦਾਲਤ ਵਿਚ ਜ਼ਮੀਨ ਸਬੰਧੀ ਲੱਖਾਂ ਰੁਪਏ ਦੀ ਧੋਖਾਦੇਹੀ ਸਬੰਧੀ ਚੱਲ ਰਹੇ ਕੇਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਵਲੋਂ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਵਾਈ ਦੇ ਮੱਦੇਨਜ਼ਰ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨਣ ਸਬੰਧੀ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਕ ਮਹੀਨੇ ‘ਚ ਹੋਣਾ ਪਵੇਗਾ ਅਦਾਲਤ ‘ਚ ਪੇਸ਼
ਅਦਾਲਤ ਦੇ ਇਨ੍ਹਾਂ ਹੁਕਮਾਂ ਮੁਤਾਬਕ ਬਰਾੜ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜੇਕਰ ਉਹ ਇਸ ਦੌਰਾਨ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਦਾਲਤ ਵਲੋਂ ਇਹ ਸੂਚਨਾ ਸਾਰੇ ਸੂਬਿਆਂ ਦੀ ਪੁਲਸ ਨੂੰ ਵੀ ਭੇਜੀ ਜਾਵੇਗੀ ਤੇ ਜਿਥੇ ਵੀ ਪ੍ਰੀਤ ਬਰਾੜ ਮਿਲੇ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਮੋਹਾਲੀ ਨਿਵਾਸੀ ਰਮਨਦੀਪ ਨਾਲ ਕੀਤੀ ਸੀ 51 ਲੱਖ ਦੀ ਠੱਗੀ
ਮੋਹਾਲੀ ਦੇ ਫੇਜ਼-2 ਨਿਵਾਸੀ ਰਮਨਦੀਪ ਸਿੰਘ ਨੇ ਗਾਇਕ ਪ੍ਰੀਤ ਬਰਾੜ ਤੇ ਉਸ ਦੇ ਭਰਾ ਅੰਮ੍ਰਿਤ ਬਰਾੜ ‘ਤੇ ਜ਼ਮੀਨ ਦੀ ਖਰੀਦੋ-ਫਰੋਖਤ ਸਬੰਧੀ ਉਸ ਨਾਲ 51 ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਲਾਇਆ ਸੀ । ਉਸ ਦਾ ਦੋਸ਼ ਸੀ ਕਿ ਬਰਾੜ ਨੇ ਉਸ ਤੋਂ ਕਿਸੇ ਜ਼ਮੀਨ ਦਾ 51 ਲੱਖ ਰੁਪਏ ਬਿਆਨਾ ਲੈ ਲਿਆ ਸੀ। ਉਸ ਤੋਂ ਬਾਅਦ ਨਾ ਤਾਂ ਉਸ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਤੇ ਨਾ ਹੀ ਉਸ ਦਾ ਬਿਆਨਾ ਵਾਪਸ ਕੀਤਾ ਗਿਆ। ਰਮਨਦੀਪ ਦੀ ਸ਼ਿਕਾਇਤ ‘ਤੇ ਪੁਲਸ ਨੇ ਕੇਸ ਦਰਜ ਕਰ ਲਿਆ ਸੀ।
ਮੁੰਬਈ ਏਅਰਪੋਰਟ ਤੋਂ ਕੀਤਾ ਸੀ ਗ੍ਰਿਫਤਾਰ
ਦੱਸਣਯੋਗ ਹੈ ਕਿ ਕਾਫੀ ਸਮੇਂ ਤੋਂ ਪੁਲਸ ਤੋਂ ਬਚਦੇ ਆ ਰਹੇ ਗਾਇਕ ਪ੍ਰੀਤ ਬਰਾੜ ਨੂੰ 2013 ਵਿਚ ਮੁੰਬਈ ਏਅਰਪੋਰਟ ਤੋਂ ਪੁਲਸ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਨੇਪਾਲ ਤੋਂ ਕਿਸੇ ਫਿਲਮ ਦੀ ਸ਼ੂਟਿੰਗ ਕਰਨ ਉਪਰੰਤ ਵਾਪਸ ਇੰਡੀਆ ਆ ਰਿਹਾ ਸੀ । ਉਸ ਤੋਂ ਬਾਅਦ ਮੋਹਾਲੀ ਪੁਲਸ ਉਸ ਨੂੰ ਟਰਾਂਜ਼ਿਟ ਵਾਰੰਟ ‘ਤੇ ਲੈ ਕੇ ਆਈ ਸੀ ਤੇ ਇਸ ਸਮੇਂ ਉਹ ਜ਼ਮਾਨਤ ‘ਤੇ ਚੱਲ ਰਿਹਾ ਸੀ। ਜ਼ਮਾਨਤ ਕਰਵਾਉਣ ਤੋਂ ਬਾਅਦ ਉਹ ਫਿਰ ਅਦਾਲਤ ‘ਚੋਂ ਗੈਰ-ਹਾਜ਼ਰ ਰਹਿਣ ਲੱਗ ਪਿਆ। ਹੁਣ ਲੰਬੇ ਸਮੇਂ ਤੋਂ ਗੈਰ-ਹਾਜ਼ਰ ਰਹਿਣ ਕਾਰਨ ਅਦਾਲਤ ਨੇ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY