ਆਰ.ਬੀ.ਆਈ ਵੱਲੋਂ ਹਾੜੀ ਦੇ ਮੌਜੂਦਾ ਸੀਜ਼ਨ ਲਈ ਪੰਜਾਬ ਵਾਸਤੇ 18124.85 ਕਰੋੜ ਰੁਪਏ ਦੀ ਨਗਦ ਹੱਦ ਕਰਜ਼ੇ ਦੀ ਪ੍ਰਵਾਨਗੀ

0
203

ਚੰਡੀਗੜ੍ਹ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਹਾੜੀ ਦੇ ਚਲ ਰਹੇ ਮੌਜੂਦਾ ਸੀਜ਼ਨ ਲਈ ਕਣਕ ਦੀ ਖਰੀਦ ਵਾਸਤੇ ਪੰਜਾਬ ਨੂੰ 18124.85 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀ.ਸੀ.ਐਲ) ਦੀ ਪ੍ਰਵਾਨਗੀ ਦੇ ਦਿੱਤੀ ਹੈ |

ਸੂਬਾ ਸਰਕਾਰ ਨੇ ਇਸ ਸੀਜ਼ਨ ਦੌਰਾਨ 130 ਲੱਖ ਟਨ ਕਣਕ ਦੀ ਖਰੀਦ ਦੇ ਵਾਸਤੇ ਕੁੱਲ 21179.60 ਕਰੋੜ ਰੁਪਏ ਦੀ ਸੀ.ਸੀ.ਐਲ ਦੀ ਮੰਗ ਕੀਤੀ ਸੀ ਜਿਸ ਵਿਚੋਂ ਇਸ ਰਾਸ਼ੀ ਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਹੈ |ਇੱਕ ਸਰਕਾਰੀ ਬੁਲਾਰੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਕੀਤੇ ਨਿੱਜੀ ਯਤਨਾਂ ਤੋਂ ਬਾਅਦ ਆਰ.ਬੀ.ਆਈ ਨੇ ਇਹ ਪ੍ਰਵਾਨਗੀ ਦਿੱਤੀ ਹੈ | ਉਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਕੋਲ ਸੀ.ਸੀ.ਐਲ. ਦਾ ਇਹ ਮੁੱਦਾ ਵਾਰ ਵਾਰ ਉਠਾਇਆ ਸੀ |

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਹਾੜੀ ਦੇ ਸੀਜ਼ਨ ਵਾਸਤੇ ਸੀ.ਸੀ.ਐਲ. ਲਈ ਨਿੱਜੀ ਤੌਰ ‘ਤੇ ਆਪਣਾ ਦਖਲ ਦਿੱਤਾ ਜਿਸ ਦੇ ਨਤੀਜੇ ਵਜੋਂ ਆਰ.ਬੀ.ਆਈ ਨੇ ਸੂਬੇ ਵਾਸਤੇ ਸੀ.ਸੀ.ਐਲ 20683 ਕਰੋੜ ਰੁਪਏ ਤੱਕ ਵਧਾ ਦਿੱਤੀ ਹੈ ਜੋ 2017 ਦੇ ਹਾੜੀ ਦੇ ਸੀਜ਼ਨ ਦੌਰਾਨ 17994.21 ਕਰੋੜ ਰੁਪਏ ਪ੍ਰਵਾਨ ਕੀਤੀ ਗਈ ਸੀ |ਬੁਲਾਰੇ ਅਨੁਸਾਰ ਸੀ.ਸੀ.ਐਲ ਜਾਰੀ ਕਰਨ ਦੇ ਨਾਲ ਸੂਬਾ ਸਰਕਾਰ ਨੂੰ ਕਣਕ ਦੀ ਖਰੀਦ ਦੇ ਵਾਸਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕੀਤੇ ਜਾਣ ਵਾਸਤੇ ਮਦਦ ਮਿਲੇਗੀ | ਹਾੜੀ ਦਾ ਚਾਲੂ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋਇਆ ਹੈ ਜੋ 31 ਮਈ ਤੱਕ ਚਲੇਗਾ |

ਕੇਂਦਰ ਸਰਕਾਰ ਨੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1735 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਜੋ ਕਿ ਪਿਛਲੇ ਸਾਲ ਦੇ 1625 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 110 ਰੁਪਏ ਪ੍ਰਤੀ ਕੁਇੰਟਲ ਵੱਧ ਹੈ |ਸੂਬਾ ਸਰਕਾਰ ਨੇ ਕਣਕ ਦੀ ਖਰੀਦ ਲਈ ਪਹਿਲਾਂ ਹੀ ਵੱਡੀ ਪੱਧਰ ‘ਤੇ ਪ੍ਰਬੰਧ ਕਰ ਲਏ ਹਨ | ਮੁੱਖ ਮੰਤਰੀ ਨੇ ਕਣਕ ਦੀ ਨਿਰਵਿਘਣ ਖਰੀਦ ਅਤੇ ਕਿਸਾਨਾਂ ਦਾ ਇੱਕ ਇੱਕ ਦਾਣਾ ਚੁੱਕੇ ਜਾਣ ਤੋਂ ਇਲਾਵਾ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਵਾਸਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ | ਉਨ੍ਹਾਂ ਨੇ ਕਣਕ ਦੀ ਖਰੀਦ ਅਤੇ ਢੁਆਈ ਦੀ ਪ੍ਰਕ੍ਰਿਆ ਉੱਤੇ ਵੀ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਰੋਜ਼ਮਰਾ ਦੇ ਅਧਾਰ ਨਿਗਰਾਨੀ ਰੱਖਣ ਲਈ ਕਿਹਾ ਹੈ ਤਾਂ ਜੋ ਕਣਕ ਦੀ ਖਰੀਦ ਦਾ ਇਹ ਵਿਸ਼ਾਲ ਕਾਰਜ ਸਮੇਂ ਸੀਮਾ ਵਿਚ ਨੇਪਰੇ ਚਾੜ੍ਹਿਆ ਜਾ ਸਕੇ |ਮੁੱਖ ਮੰਤਰੀ ਨੇ ਟਰਾਂਸਪੋਰਟਰਾਂ ਦੀ ਜੁੱਟਬੰਦੀ ਉੱਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਵੀ ਡੀ.ਜੀ.ਪੀ ਨੂੰ ਨਿਰਦੇਸ਼ ਜਾਰੀ ਕੀਤੇ ਹਨ

LEAVE A REPLY