ਇੱਕ ਪਿੰਡ ਅਜਿਹਾ ਜਿਸ ਦੇ ਕੁੱਤੇ ਬਣੇ ‘ਕਰੋੜਪਤੀ’

0
580

ਮਹਿਸਾਣਾ: ਤੁਸੀਂ ਜਗੀਰਦਾਰਾਂ ਤੇ ਜਿਮੀਂਦਾਰਾਂ ਬਾਰੇ ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਅਜਿਹੇ ਕੁੱਤਿਆਂ ਬਾਰੇ ਜਾਣਦੇ ਹੋ ਜਿਹੜੇ ਰਾਤੋ-ਰਾਤ ਅਮੀਰ ਹੋ ਗਏ ਹੋਣ। ਆਓ ਤੁਹਾਨੂੰ ਮਿਲਵਾਉਂਦੇ ਹਾਂ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਪਿੰਡ ਪੰਚੋਟ ਦੇ ਇਨ੍ਹਾਂ ਕੁੱਤਿਆਂ ਨਾਲ, ਜੋ ਇਸ ਵੇਲੇ ਕਰੋੜਾਂ ਦੀ ਜਾਇਦਾਦ ਸਾਂਭੀ ਬੈਠੇ ਹਨ।

ਮਹਿਸਾਣਾ ਬਾਈਪਾਸ ਦੀ ਉਸਾਰੀ ਕਾਰਨ ਇਸ ਪਿੰਡ ਦੀ ਜ਼ਮੀਨ ਦੇ ਭਾਅ ਅੰਬਰੀਂ ਚੜ੍ਹ ਗਏ ਕਿ ਇੱਕ ਬਿੱਘੇ ਦਾ ਮੁੱਲ 3.5 ਕਰੋੜ ਹੋ ਗਿਆ। ਕੁੱਤਿਆਂ ਦੀ ਭਲਾਈ ਲਈ ਦਾਨ ਕੀਤੀ ਜ਼ਮੀਨ ਦੀ ਸਾਂਭ-ਸੰਭਾਲ ਕਰਨ ਵਾਲੇ ‘ਮਧ ਨੀ ਪਟੀ ਕੁਤਰੀਆ’ ਨਾਂ ਦਾ ਟਰੱਸਟ ਦੀ ਤਕਰੀਬਨ 21 ਬਿੱਘੇ ਜ਼ਮੀਨ ਵੀ ਇੱਥੇ ਹੈ। ਹਾਲਾਂਕਿ, ਕੁੱਤੇ ਜ਼ਮੀਨ ਦੇ ਮਾਲਕ ਤਾਂ ਨਹੀਂ ਪਰ ਜ਼ਮੀਨ ਦੀ ਆਮਦਨ ਨੂੰ ਕੁੱਤਿਆਂ ‘ਤੇ ਹੀ ਖ਼ਰਚ ਕੀਤਾ ਜਾਂਦਾ ਹੈ। ਟਰੱਸਟ ਕੁੱਲ 70 ਕੁੱਤਿਆਂ ਦੀ ਦੇਖਭਾਲ ਕਰਦਾ ਹੈ ਤੇ ਜ਼ਮੀਨ ਤੇ ਇਸ ਦੀ ਕੀਮਤ ਦੇ ਹਿਸਾਬ ਨਾਲ ਹਰ ਕੁੱਤੇ ਹਿੱਸੇ ਘੱਟੋ-ਘੱਟ ਇੱਕ-ਇੱਕ ਕਰੋੜ ਰੁਪਿਆ ਆਉਂਦਾ ਹੈ।

ਦਰਅਸਲ, ਇਸ ਪਿੰਡ ਦੇ ਚਾਰ ਪਟੇਲ ਕਿਸਾਨਾਂ ਪ੍ਰਭਾ ਲੱਲੂ, ਚਤੁਰ ਵਿਹਾ, ਅਮਤਾ ਕਾਲੂ ਤੇ ਲੱਖਾ ਸੇਠ ਨੇ ਅੱਜ ਤੋਂ ਤਕਰੀਬਨ 80 ਸਾਲ ਪਹਿਲਾਂ ਇਸ ਜ਼ਮੀਨ ਦੀ ਸਾਂਭ-ਸੰਭਾਲ ਕਰਦੇ ਸਨ। ਮੈਨੇਜਰ ਛੱਗਨਭਾਈ ਪਟੇਲ ਨੇ ਦੱਸਿਆ ਕਿ ਉਨ੍ਹਾਂ ਤੋਂ ਬਾਅਦ ਟਰੱਸਟ ਤਕਰੀਬਨ 70 ਸਾਲਾਂ ਤੋਂ ਇਸ ਜ਼ਮੀਨ ਦਾ ਕਰਤਾ ਧਰਤਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਨੂੰ ਜ਼ਿਆਦਾਤਰ ਜ਼ਮੀਨ ਅਮੀਰ ਵਿਅਕਤੀਆਂ ਵੱਲੋਂ ਦਾਨ ਵਜੋਂ ਮਿਲੀ ਹੈ ਤੇ ਉਨ੍ਹਾਂ ਤੋਂ ਅਜਿਹੀ ਪਿਰਤ ਪਈ ਕਿ ਆਮ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ।

ਮੈਨੇਜਰ ਪਟੇਲ ਨੇ ਦੱਸਿਆ ਕਿ ਪਹਿਲਾਂ ਟਰੱਸਟ ਜ਼ਮੀਨ ਨੂੰ ਬੋਲੀ ਰਾਹੀਂ ਠੇਕੇ ‘ਤੇ ਦੇ ਦਿੰਦਾ ਸੀ ਤੇ ਸਫ਼ਲ ਬੋਲੀਕਾਰ ਨੂੰ ਇੱਕ ਸਾਲ ਤਕ ਜ਼ਮੀਨ ਵਾਹੁਣ ਦੇ ਹੱਕ ਮਿਲ ਜਾਂਦੇ ਸਨ। ਠੇਕੇ ਦੇ ਪੈਸਿਆਂ ਨਾਲ ਟਰੱਸਟ ਕੁੱਤਿਆਂ ਦੀ ਭਲਾਈ ਦੇ ਕਾਰਜ ਰਹਿੰਦਾ ਹੈ।

ਆਪਣੇ 1.5 ਬਿੱਘੇ ਨਾਲ ਇਸ ਕਾਰਜ ਦੀ ਸ਼ੁਰੂਆਤ ਕਰਨ ਵਾਲੇ ਪਰਿਵਾਰ ਦੇ ਵਾਰਸ ਦਸ਼ਰਥ ਪਟੇਲ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੀ ਸ਼ੁਰੂ ਕੀਤੀ ਇਸ ਰਵਾਇਤ ‘ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ ਪੰਦਰਾਂ ਵਿਅਕਤੀ ਕੁੱਤਿਆਂ ਲਈ ਵਿਸ਼ੇਸ਼ ਖਾਣਾ ‘ਰੋਟਲਾ’ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਰੋਟਲਾ ਤਿਆਰ ਕਰਨ ਲਈ ਤਕਰੀਬਨ 20-30 ਕਿੱਲੋ ਆਟਾ ਰੋਜ਼ ਲੱਗਦਾ ਹੈ ਪਰ ਆਟਾ ਚੱਕੀ ਮਾਲਕ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲੈਂਦੇ।

ਕੁੱਤਿਆਂ ਦੀ ਸੇਵਾ ਕਰਨ ਵਾਲੇ ਵਲੰਟੀਅਰਾਂ ‘ਚੋਂ ਇੱਕ ਗੋਵਿੰਦ ਪਟੇਲ ਨੇ ਦੱਸਿਆ ਕਿ ਉਹ ਰੋਜ਼ ਸ਼ਾਮ ਸਾਢੇ ਸੱਤ ਵਜੇ ਤੋਂ ਆਵਾਰਾ ਕੁੱਤਿਆਂ ਨੂੰ ਰੋਟਲਾ ਖਵਾਉਣ ਲਈ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਮਹੀਨੇ ‘ਚ ਦੋ ਵਾਰ ਜਦੋਂ ਚੰਨ ਪੂਰਾ ਹੁੰਦਾ ਹੈ ਤਾਂ ਉਸ ਦਿਨ ਕੁੱਤਿਆਂ ਨੂੰ ਲੱਡੂ ਵੀ ਖੁਆਏ ਜਾਂਦੇ ਹਨ।

ਪੰਚੋਟ ਪਿੰਡ ਦੇ ਵਾਸੀ ਸਿਰਫ਼ ਕੁੱਤਿਆਂ ਦੀ ਹੀ ਨਹੀਂ ਬਲਕਿ ਪੰਛੀਆਂ, ਬਾਂਦਰਾਂ ਸਮੇਤ ਹੋਰ ਕਈ ਜਾਨਵਰਾਂ ਦੀ ਦੇਖਭਾਲ ਵੀ ਕਰਦੇ ਹਨ। ਟਰੱਸਟ ਕੋਲ ਗਾਵਾਂ ਲਈ ਏਅਰ-ਕੰਡੀਸ਼ਨਡ ਵਾੜਾ ਵੀ ਹੈ। ਪਿੰਡ ਵਾਸੀ ਇਸ ਕਾਰਜ ਨੂੰ ਬਹੁਤ ਨੇਕ ਕੰਮ ਮੰਨਦੇ ਹਨ।

LEAVE A REPLY