ਕਈ ਸਾਲ ਲਾਰਿਆਂ ਮਗਰੋਂ ਆਖਰ ਸਰਕਾਰ ਨੇ ਕਬੂਲੀ ਇਰਾਕ ‘ਚ ਲਾਪਤਾ ਪੰਜਾਬੀਆਂ ਦੀ ਮੌਤ

0
189

ਨਵੀਂ ਦਿੱਲੀ (ਟੀਐਲਟੀ ਨਿਊਜ਼)  ਸੰਸਦ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਈ ਸਾਲ ਪਹਿਲਾਂ ਇਰਾਕ ਦੇ ਮੋਸੂਲ ਵਿੱਚ ਲਾਪਤਾ 39 ਭਾਰਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਇਨ੍ਹਾਂ ਵਿੱਚ 28 ਪੰਜਾਬੀ ਸਨ, ਬਾਕੀ ਹਿਮਾਚਲ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੇ ਸਨ। ਇਹ ਕੁੱਲ 40 ਭਾਰਤੀ ਸਨ ਪਰ ਇਨ੍ਹਾਂ ਵਿੱਚੋਂ ਇੱਕ ਕਿਸਮਤ ਨਾਲ ਬਚ ਨਿੱਕਲਿਆ ਸੀ। ਬੀਤੇ ਸਾਲ ਅਕਤੂਬਰ ਵਿੱਚ ਸਰਕਾਰ ਨੇ ਇਨ੍ਹਾਂ ਪੰਜਾਬੀਆਂ ਦੇ ਪਰਿਵਾਰਾਂ ਤੋਂ ਡੀ.ਐਨ.ਏ. ਨਮੂਨੇ ਇਕੱਠੇ ਕੀਤੇ ਸਨ। ਉਦੋਂ ਪਰਿਵਾਰਾਂ ਨੇ ਸਮਝ ਲਿਆ ਸੀ ਕਿ ਇਹ ਸਭ ਉਨ੍ਹਾਂ ਦੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਲਈ ਹੀ ਕੀਤਾ ਜਾ ਰਿਹਾ ਹੈ। ਸੁਸ਼ਮਾ ਨੇ ਸੰਸਦ ਵਿੱਚ ਦੱਸਿਆ ਕਿ ਸਭ ਤੋਂ ਪਹਿਲਾਂ ਸੰਦੀਪ ਨਾਮਕ ਲੜਕੇ ਦਾ ਡੀ.ਐਨ.ਏ. ਦਾ ਮਿਲਾਨ ਹੋਇਆ ਤੇ ਕੁੱਲ 38 ਭਾਰਤੀਆਂ ਦੇ ਨਮੂਨਿਆਂ ਦਾ ਮਿਲਾਨ ਸਹੀ ਪਾਇਆ ਗਿਆ ਤੇ ਇੱਕ ਦੇ ਨਮੂਨੇ ਨਹੀਂ ਮਿਲੇ। 2014 ਵਿੱਚ ਇਰਾਕ ਵਿੱਚ ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ 39 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। ਹਾਲਾਂਕਿ, ਜੁਲਾਈ 2017 ਵਿੱਚ ਇਰਾਕੀ ਫੌਜਾਂ ਨੇ ਮੋਸੂਲ ਸ਼ਹਿਰ ਨੂੰ ਆਈ.ਐਸ. ਦੇ ਕਬਜ਼ੇ ਵਿੱਚੋਂ ਛੁਡਵਾ ਲਿਆ ਸੀ ਪਰ ਉੱਥੇ ਇਨ੍ਹਾਂ ਭਾਰਤੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮਿਲਿਆ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਈ ਵਾਰ ਇਹ ਕਹਿ ਚੁੱਕੇ ਸਨ ਕਿ ਸਰਕਾਰ ਇਨ੍ਹਾਂ ਅਗਵਾ ਕੀਤੇ ਨੌਜਵਾਨਾਂ ਦੀ ਭਾਲ ਲਈ ਚਾਰਾਜੋਈ ਕਰ ਰਹੀ ਹੈ। ਇਰਾਕ ਵਿੱਚ ਅਗ਼ਵਾਕਾਰਾਂ ਦੇ ਚੁੰਗਲ ‘ਚੋਂ ਨਿਕਲ ਕੇ ਆਏ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦੇ ਹਰਜੀਤ ਮਸੀਹ ਨੇ ਦੱਸਿਆ ਸੀ ਕਿ ਆਈ.ਐਸ. ਨੇ ਅਗ਼ਵਾ ਕੀਤੇ ਸਾਰੇ ਨੌਜਵਾਨਾਂ ਨੂੰ ਮਾਰ ਦਿੱਤਾ ਹੈ।ਅਗ਼ਵਾ ਹੋਏ 39 ਦੇ ਪਰਿਵਾਰ ਹੁਣ ਤਕ ਤਕਰੀਬਨ 14 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਚੁੱਕੇ ਹਨ ਤੇ ਉਹ ਹਰ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ, ਕਹਿ ਕੇ ਭੇਜ ਦਿੰਦੀ ਸੀ। ਪਰ ਅੱਜ ਵਿਦੇਸ਼ ਮੰਤਰੀ ਨੇ ਸੰਸਦ ਵਿੱਚ ਇਹ ਮੰਨ ਲਿਆ ਹੈ ਕਿ DNA ਨਮੂਨਿਆਂ ਨਾਲ ਜਾਂਚ ਕਰਨ ਤੋਂ ਬਾਅਦ ਮੌਤ ਦੀ ਪੁਸ਼ਟੀ ਹੋਈ ਹੈ।

LEAVE A REPLY