ਮੁੱਖ ਮੰਤਰੀ ਦੇ ਕਰਜ਼ ਮੁਆਫੀ ਯੋਜਨਾ ਸਮਾਗਮ ਲਈ ਨਕੋਦਰ ਤਿਆਰ

0
286

ਜਲੰਧਰ, (ਰਮੇਸ਼ ਗਾਬਾ)  ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿੱਚੋਂ ਬਾਹਰ ਕੱਢਣ ਲਈ ਪਹਿਲਕਦਮੀ ਦੇ ਤਹਿਤ ਨਕੋਦਰ ਦੀ ਨਵੀਂ ਅਨਾਜ ਮੰਡੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 40 ਹਜ਼ਾਰ ਕਿਸਾਨਾਂ ਨੂੰ ਕਰਜ਼ਾ ਮੁਆਫੀ ਰਾਹਤ ਪ੍ਰਮਾਣ ਪੱਤਰ ਦੇਣਗੇ । ਕਿਸੇ ਵੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਲਈ ਚੁਕਿਆ ਜਾਣ ਵਾਲਾ ਆਪਣੇ ਆਪ ਵਿਚ ਇਹ ਪਹਿਲਾ ਕਦਮ ਹੋਵੇਗਾ । ਸਮਾਗਮ ਦੌਰਾਨ ਜਲੰਧਰ ਸਮੇਤ ਲੁਧਿਆਣਾ, ਕਪੂਰਥਲਾ, ਮੋਗਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜਿਲਿਆ ਦੇ ਕਿਸਾਨਾਂ ਨੂੰ ਲਗਭਗ 200 ਕਰੋੜ ਰੁਪਏ ਦੀ ਰਾਹਤ ਦੇਣ ਦੀ ਸੰਭਾਵਨਾ ਹੈ । 7 ਜਨਵਰੀ ਨੂੰ ਮਾਨਸਾ ‘ਚ ਆਯੋਜਿਤ ਹੋਏ ਪਹਿਲੇ ਸਮਾਗਮ ਤੋਂ ਬਾਅਦ ਇਹ ਦੂਜਾ ਅਜਿਹਾ ਸਮਾਗਮ ਹੋਵੇਗਾ। ਪਹਿਲੇ ਸਮਾਗਮ ਵਿਚ ਮੁੱਖ ਮੰਤਰੀ ਨੇ 167.39 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟ 47000 ਯੋਗ ਸੀਮਾਂਤ ਅਤੇ ਛੋਟੇ ਕਿਸਾਨ ਨੂੰ ਦਿੱਤੇ ਸਨ  ਜਿਨ੍ਹਾਂ ਨੇ 701 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਤੋਂ ਕਰਜ਼ੇ ਲਏ ਹੋਏ ਸਨ । ਸੂਬਾ ਸਰਕਾਰ ਮੁਤਾਬਿਕ ਕਰਜ਼ ਮੁਆਫੀ ਯੋਜਨਾ ਦੇ ਤਹਿਤ ਪਹਿਲੇ ਪੜਾਅ ਵਿੱਚ 5.63 ਲੱਖ ਕਿਸਾਨਾਂ ਨੂੰ ਫਾਇਦਾ ਮਿਲਿਆ ਸੀ । ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਸ ਮੈਗਾ ਇਵੈਂਟ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ।. ਸ਼੍ਰੀ ਸ਼ਰਮਾ ਨੇ ਸਥਾਨ ‘ਤੇ ਪੰਡਾਲ ਦੇ ਡਿਜ਼ਾਇਨ ਅਤੇ ਆਕਾਰ ਅਤੇ ਹੋਰ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਉਮੀਦ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਬਣਾਈਆਂ ਕਮੇਟੀਆਂ ਨਾਲ ਸਾਰੇ ਪ੍ਰਬੰਧਾਂ ਅਤੇ ਹੋਰ ਮਾਮਲਿਆਂ ਸੰਬੰਧੀ ਸਮੀਖਿਆ ਕੀਤੀ । ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਇਕ ਇਤਿਹਾਸਕ ਸਮਾਗਮ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਸਫਲ ਬਣਾਉਣ ਲਈ ਹਰ ਯਤਨ ਕਰੇਗਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਸਬੀਰ ਸਿੰਘ ਅਤੇ ਡਾ. ਭੁਪਿੰਦਰ ਸਿੰਘ, ਪੁਲਿਸ ਸੁਪਰਡੈਂਟ ਆਰ.ਐਸ. ਚੀਮਾ, ਸਕੱਤਰ ਆਰ.ਟੀ.ਏ. ਦਰਬਾਰਾ ਸਿੰਘ, ਸਬ ਡਵੀਜ਼ਨਲ ਮੈਜਿਸਟਰੇਟ ਮਿਸ ਅਮ੍ਰਿਤ ਸਿੰਘ, ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਸ਼੍ਰੀਮਤੀ ਨਵਨੀਤ ਕੌਰ ਬੱਲ , ਸ਼੍ਰੀ ਰਾਜੀਵ ਵਰਮਾ, ਸਹਾਇਕ ਕਮਿਸ਼ਨਰ ਸ਼੍ਰੀ ਦੀਪਕ ਭਾਟੀਆ ਅਤੇ ਡਾ. ਬਰਜਿੰਦਰ ਸਿੰਘ ਢਿਲੋਂ, ਡਿਪਟੀ ਸੁਪਰਡੈਂਟ ਆਫ ਪੁਲਿਸ ਡਾ.ਮੁਕੇਸ਼ ਕੁਮਾਰ ਅਤੇ ਹੋਰ ਵੀ ਮੌਜੂਦ ਸਨ ।

LEAVE A REPLY