ਲਾਇਲਪੁਰ ਖ਼ਾਲਸਾ ਕਾਲਜ ‘ਚ ‘ਕੇਸ ਬੇਸਡ ਟੀਚਿੰਗ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

0
158

ਜਲੰਧਰ (ਰਮੇਸ਼ ਗਾਬਾ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਬਿਜਨਸ ਐਡਮਿਨਿਸਟ੍ਰੇਸ਼ਨ ਵਿਭਾਗ ਵਲੋਂ ‘ਕੇਸ ਬੇਸਡ ਟੀਚਿੰਗ’ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪ੍ਰੋ. ਸਿਧਾਰਥ ਸ਼ਰਮਾ ਅਤੇ ਪ੍ਰੋ. ਪ੍ਰੰਜਲ ਪਿਚਪੋਰ ਮੁੱਖ ਵਕਤੇ ਵਜੋਂ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਰਛਪਾਲ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਆਯੋਜਿਤ ਕਰਨ ਨਾਲ ਜਿੱਥੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ ਅਧਿਆਪਕਾਂ ਨੂੰ ਵੀ ਅਧਿਆਪਨ ਦੀਆਂ ਨਵੀਨ ਤਕਨੀਕਾਂ ਸੰਬੰਧੀ ਜਾਣਕਾਰੀ ਮਿਲਦੀ ਹੈ। ਉਹਨਾ ਇਹ ਵੀ ਕਿਹਾ ਕਿ ਅੱਜ ਦੇ ਯੁੱਗ ਵਿੱਚ ਇਸ ਤਰ੍ਹਾਂ ਦੇ ਸਮਾਗਮਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਵਿਭਾਗ ਦੇ ਮੁਖੀ ਡਾ. ਰਛਪਾਲ ਸਿੰਘ ਸੰਧੂ ਨੇ ਮਹਿਮਾਨ ਵਿਦਵਾਨਾਂ ਦਾ ਰਸਮੀ ਸੁਆਗਤ ਕੀਤਾ। ਉਹਨਾਂ ਅੱਜ ਦੇ ਬਦਲ ਰਹੇ ਯੁੱਗ ਵਿੱਚ ਅਧਿਆਪਕ ਵਿਧੀਆਂ ਵੀ ਬਦਲ ਰਹੀਆਂ ਹਨ। ਹੁਣ ਉਹ ਸਮਾਂ ਆ ਗਿਆ ਹੈ ਕਿ ਨਵੀਆਂ ਅਧਿਆਪਕ ਵਿਧੀਆਂ ਨੂੰ ਵੀ ਅਪਣਾਇਆ ਜਾਵੇ ਅਤੇ ਟੀਚਿੰਗ ਨੂੰ ਸਮੇਂ ਦੇ ਹਾਣ ਦੀ ਬਣਾਇਆ ਜਾਵੇ। ਇਸ ਵਰਕਸ਼ਾਪ ਵਿੱਚ ੨੫੦ ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ਅਤੇ ਇੰਡਸਟਰੀ, ਮਾਰਕੀਟਿੰਗ ਅਤੇ ਕੇਸ ਸਟੱਡੀ ਤਕਨੀਕਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਦੋਨਂੋ ਵਿਦਵਾਨ ਵਕਤਿਆਂ ਨੇ ਕੇਸ ਬੇਸਡ ਅਧਿਆਪਨ ਤਕਨੀਕਾਂ ‘ਤੇ ਧਿਆਨ ਕੇਂਦਰਿਤ ਕਰਦਿਆਂ ਬਹੁਤ ਬਰੀਕੀ ਨਾਲ ਵਿਸ਼ੇ ਸੰਬੰਧੀ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਕਲਾਸ ਰੂਮ ਵਿੱਚ ਪੜ੍ਹਾਏ ਜਾਂਦੇ ਵਿਸ਼ੇ ਸੰਬੰਧੀ ਵਿਦਿਆਰਥੀਆਂ ਨੂੰ ਸਹੀ ਗਿਆਨ ਨਵੀਨ ਅਧਿਆਪਨ ਤਕਨੀਕਾਂ ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਉਹਨਾ ਇਹ ਵੀ ਦੱਸਿਆ ਕਿ ਹਰੇਕ ਕੇਸ ਦੇ ਅਧਿਐਨ ਉਪਰੰਤ ਉਸਨੂੰ ਵੱਖਰੀ ਅਧਿਆਪਨ ਤਕਨੀਕ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਜਾ ਸਕਦਾ ਹੈ। ਆਏ ਹੋਏ ਵਿਦਵਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਵਿਭਾਗ ਦੀ ਸੀਨੀਅਰ ਪ੍ਰੋ. ਅਮਿਤਾ ਸ਼ਾਹੀਦ ਦੁਆਰਾ ਕੀਤਾ ਗਿਆ। ਇਸ ਮੌਕੇ ਪ੍ਰੋ. ਰਵਨੀਤ ਕੌਰ, ਪ੍ਰੋ. ਵਿਵੇਕ ਮਹਾਜਨ, ਪ੍ਰੋ. ਗੁਰਪ੍ਰੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਵਰਕਸ਼ਾਪ ਦਾ ਮੰਚ ਸੰਚਾਲਨ ਪ੍ਰੋ. ਮਾਨਸੀ ਚੋਪੜਾ ਅਤੇ ਪ੍ਰੋ. ਕ੍ਰਿਤਿਕਾ ਖੰਨਾ ਨੇ ਕੀਤਾ।

LEAVE A REPLY