ਦੇਸ਼ ਭਗਤ ਯਾਦਗਾਰ ਹਾਲ ‘ਚ ਵਿਸ਼ਵ ਰੰਗ ਮੰਚ ਦਿਹਾੜਾ 27 ਨੂੰ

0
164

ਜਲੰਧਰ (ਰਮੇਸ਼ ਗਾਬਾ/ਹੇਮੰਤ) ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਰ ਸਾਲ ਦੀ ਤਰਾਂ ਵਿਸ਼ਵ ਰੰਗ ਮੰਚ ਦਿਹਾੜਾ 27 ਮਾਰਚ ਸ਼ਾਮ ਠੀਕ 7 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ‘ਚ ਮਨਾਇਆ ਜਾਵੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮਾਗਮ ‘ਚ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ, ਰਵਿੰਦਰ ਕੁਮਾਰ ਦੁਆਰਾ ਨਿਰਦੇਸ਼ਤ ਨਾਟਕ ‘ਇੱਕ ਕੁੜੀ ਜ਼ਿੰਦਗੀ ਉਡੀਕਦੀ ਹੈ’, ਆਜ਼ਾਦ ਥੀਏਟਰ ਗਰੁੱਪ ਵੱਲੋਂ ਖੇਡਿਆ ਜਾਏਗਾ।
ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ‘ਤੇ ਅਧਾਰਤ ਦੋ ਲਘੂ ਫ਼ਿਲਮਾਂ ‘ਧੂੰਆਂ’ ਅਤੇ ‘ਤਮਾਸ਼ਾ’ ਦਾ ਪ੍ਰੀਮੀਅਰ ਸ਼ੋਅ ਹੋਏਗਾ। ਬਦਨਾਮ ਪ੍ਰੋਡਕਸ਼ਨ ਵੱਲੋਂ ਪੇਸ਼ ਇਹਨਾਂ ਫ਼ਿਲਮਾਂ ਦੀ ਨਿਰਦੇਸ਼ਨਾ ਸਾਹਿਲ ਰਕੇਸ਼ ਗਰੋਵਰ ਨੇ ਕੀਤੀ ਹੈ ਅਤੇ ਡਾਇਰੈਕਸ਼ਨ ਆਫ਼ ਫੋਟੋਗਰਾਫ਼ੀ ਦੀ ਭੂਮਿਕਾ ਜਤਿੰਦਰ ਪਾਲ ਸਿੰਘ ਜੱਬਲ ਨੇ ਕੀਤੀ ਹੈ।
ਗ਼ਦਰੀ ਸੰਗਰਾਮੀਆਂ ਦੇ ਜੀਵਨ ਦੀ ਬਾਤ ਪਾਉਂਦਾ ਨਾਟਕ ‘ਦਾਸਤਾਨੇ ਗ਼ਦਰ’ ਟੂਗੈਦਰਨੈਸ ਕਲਚਰਲ ਕਲੱਬ ਪੇਸ਼ ਕਰੇਗਾ। ਇਸ ਨਾਟਕ ਦੇ ਰਚਨਾਕਾਰ ਅਤੇ ਨਿਰਦੇਸ਼ਕ ਅਮਿਤ ਸ਼ਰਮਾ, ਨ੍ਰਿਤ ਅਤੇ ਕੋਰਿਓਗਰਾਫੀ ‘ਚ ਸੰਜੀਵ ਲੱਕੀ ਨੇ ਆਪਣੀ ਕਲਾ ਦਾ ਰੰਗ ਭਰਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਰੰਗਕਰਮੀਆਂ, ਲੇਖਕਾਂ, ਸਾਹਿਤ/ਸਭਿਆਚਾਰਕ ਅਤੇ ਲੋਕ ਪੱਖੀ ਸੰਸਥਾਵਾਂ ਨੂੰ ਪਰਿਵਾਰਾਂ ਸਮੇਤ ਰੰਗ ਮੰਚ ਸਮਾਗਮ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

LEAVE A REPLY