ਪੰਜਾਬੀ ਸਭਿਆਚਾਰ ਨੂੰ ਸਮਰਪਿਤ ਫਿਲਮਾਂ ਨੂੰ ਟੈਕਸ ਮੁਕਤ ਕੀਤਾ ਜਾਵੇ : ਕਰਮਜੀਤ ਅਨਮੋਲ

0
641

ਪੰਜਾਬੀ ਫਿਲਮ ਐਕਟਰ ਅਤੇ ਕਾਮੇਡੀ ਕਿੰਗ ਕਰਮਜੀਤ ਅਨਮੋਲ ਦਾ ਮੰਨਣਾ ਹੈ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰਕ ਨੂੰ ਪ੍ਰਫੁਲਿਤ ਕਰਨ ਵਾਲੀਆਂ ਪੰਜਾਬੀ ਫਿਲਮਾਂ ਨੂੰ ਟੈਕਸ ਮੁਕਤ ਕੀਤਾ ਜਾਵੇ। ਜਿਸ ਪ੍ਰਕਾਰ ਨਾਲ ਪੰਜਾਬੀ ਸਭਿਆਚਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਨ੍ਹਾਂ ਕੋਸ਼ਿਸ਼ਾਂ ਨੂੰ ਪ੍ਰਭਾਵਹੀਣ ਕਰਨ ਦੇ ਲਈ ਅਜਿਹਾ ਕਰਨਾ ਸਮੇਂ ਦੀ ਮੰਗ ਹੈ। ਆਪਣੀ ਪੰਜਾਬੀ ਫਿਲਮ ਲਾਵਾਂ ਫੇਰੇ ਨੂੰ ਸੁਨਾਮ ਦੇ ਅਜੀਤ ਨਰਸਿੰਗ ਇੰਸਟੀਚਿਊਟ ਵਿੱਚ ਪ੍ਰਮੋਟ ਕਰਨ ਟੀਮ ਦੇ ਨਾਲ ਪੁੱਜੇ ਕਰਮਜੀਤ ਅਨਮੋਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਨੂੰ ਬਨਾਉਣਾ ਮੁਸ਼ਕਿਲ ਨਹੀਂ ਹੈ ਪਰ ਫਿਲਮ ਨੂੰ ਸਹੀ ਸਮੇਂ ਤੇ ਰਿਲੀਜ਼ ਕਰਨਾ, ਸਹੀ ਹੱਥਾਂ ਵਿੱਚ ਪਹੁੰਚਾਉਣਾ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਲਾਵਾਂ ਫੇਰੇ ਫਿਲਮ ਪੂਰੀ ਤਰ੍ਹਾਂ ਨਾਲ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਹੈ ਅਤੇ ਪਰਿਵਾਰਕ ਰਿਸ਼ਤਿਆਂ ਤੇ ਅਧਾਰਿਤ ਹੈ। ਫਿਲਮ ਦੇ ਐਕਟਰ ਰੋਸ਼ਨ ਪ੍ਰਿੰਸ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਪਸੰਦ ਗਾਇਕੀ ਹੈ ਅਤੇ ਗਾਇਕੀ ਨੇ ਹੀ ਉਨ੍ਹਾਂ ਨੂੰ ਪਹਿਚਾਣ ਦਵਾਈ ਹੈ। ਫਿਲਮਾਂ ਉਨ੍ਹਾਂ ਨੂੰ ਬੋਨਸ ਦੇ ਰੂਪ ਵਿੱਚ ਮਿਲੀਆਂ ਹਨ। ਅਸ਼ਲੀਲ ਗਾਇਕੀ ਜ਼ਿਆਦਾ ਦੇਰ ਤੱਕ ਨਹੀਂ ਟਿਕਦੀ ਹੈ। ਇਨ੍ਹਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ ਜਦਕਿ ਸਭਿਆਚਾਰ ਨਾਲ ਜੁੜੇ ਗੀਤ ਹਮੇਸ਼ਾ ਜਿੰਦਾ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੁਨਾਮ ਇਲਾਕੇ ਨੇ ਕਈ ਮਹਾਨ ਫਨਕਾਰ ਪੈਦਾ ਕੀਤੇ ਹਨ ਅਤੇ ਸ਼ਹੀਦਾਂ ਦੀ ਇਸ ਮਹਾਨ ਧਰਤੀ ਤੇ ਆ ਕੇ ਉਨ੍ਹਾਂ ਨੂੰ ਬੜਾ ਚੰਗਾ ਮਹਿਸੂਸ ਹੋਇਆ ਹੈ। ਫਿਲਮ ਲਾਵਾਂ ਫੇਰੇ ਦੀ ਐਕਟਰ ਰਵੀਨਾ ਬਾਜਵਾ ਨੇ ਦਾਅਵਾ ਕੀਤਾ ਕਿ ਜੇਕਰ ਫਿਲਮ ਨੂੰ ਪੂਰੇ ਪਰਿਵਾਰ ਦੇ ਨਾਲ ਦੇਖਿਆ ਜਾਵੇਗਾ ਤਾਂ ਪਰਿਵਾਰਕ ਰਿਸ਼ਤਿਆਂ ਵਿੱਚ ਸੱਚਮੁੱਚ ਨਵੀਂ ਮਿਠਾਸ ਆਵੇਗੀ। ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਜਿਵੇਂ ਨੇਕ ਦਿਲ ਇਨਸਾਨ ਦੇ ਨਾਲ ਕੰਮ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।

LEAVE A REPLY