ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਦੀ ਰਿਸ਼ਵਤ ਲੈਂਦੇ ਜੇ. ਈ. ਨੂੰ ਰੰਗੇ ਹੱਥੀਂ ਕੀਤਾ ਕਾਬੂ

0
132

ਜਲੰਧਰ (ਰਮੇਸ਼ ਗਾਬਾ) ਜਲੰਧਰ  ਵਿਚ ਇਕ ਦੁਕਾਨ ਅੱਗੇ ਲੱਗੇ ਟੇਢੇ ਖੰਭੇ ਨੂੰ ਸਿੱਧਾ ਕਰਨ ਲਈ 20 ਹਜ਼ਾਰ ਦੀ ਵੱਢੀ ਲੈਣ ਵਾਲੇ ‘ਪਾਵਰਕਾਮ’ ਦੇ ਜੇ.ਈ. ਨੂੰ 20 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਗਿਰਫ਼ਤਾਰ ਕਰ ਲਿਆ ਗਿਆ ਹੈ।  ਵਿਜੀਲੈਂਸ ਵਿਭਾਗ ਵੱਲੋਂ ਇਹ ਕਾਰਵਾਈ ਅੱਜ ਸਰਕਾਰੀ ਅਤੇ ਨਿੱਜੀ ਗਵਾਹਾਂ ਦੀ ਹਾਜ਼ਰੀ ਵਿਚ ਕੀਤੀ ਗਈ।
ਵਿਜੀਲੈਂਸ ਦੇ ਐਸ.ਐਸ.ਪੀ. ਸ: ਦਿਲਜਿੰਦਰ ਸਿੰਘ ਢਿੱਲੋਂ ਅਨੁਸਾਰ ਇਹ ਕਾਰਵਾਈ ਗੁਰਸਾਹਿਬ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਪਾਰਸ ਅਸਟੇਟ, ਬਸਤੀ ਪੀਰ ਦਾਦ ਦੀ ਸ਼ਿਕਾਇਤ ’ਤੇ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਗਿਰਫ਼ਤਾਰ ਕੀਤੇ ਗਏ ਜੇ.ਈ. ਦਾ ਨਾਂਅ ਸਤ ਪਾਲ ਹੈ ਜੋ ਬਸਤੀਆਂ ਸਬ ਡਿਵੀਜ਼ਨ ਵਿਚ ਤਾਇਨਾਤ ਹੈ।
ਗੁਰਸਾਹਿਬ ਸਿੰਘ ਅਨੁਸਾਰ ਉਹ ਖੇਤੀਬਾੜੀ ਦੇ ਨਾਲ ਨਾਲ ਬਿਲਡਿੰਗ ਉਸਾਰੀ ਦਾ ਕੰਮ ਕਰਦਾ ਹੈ ਅਤੇ ਉਸਦੀ ਦੁਕਾਨ ਸ਼ੇਰ ਸਿੰਘ ਪੁਲ ਕੋਲ ਸਥਿਤ ਹੈ ਜਿਸ ਦੇ ਅੱਗੇ ਲੱਗਾ ਹੋਇਆ ਖੰਭਾ ਟੇਢਾ ਹੋਇਆ ਪਿਆ ਸੀ। ਇਸ ’ਤੇ ਉਸਨੇ ਜੇ ਈ ਸੱਤ ਪਾਲ ਨੂੰ ਮਿਲ ਕੇ ਕਿਹਾ ਕਿ ਟੇਢੇ ਹੋਏ ਖੰਭੇ ਨਾਲ ਕਿਸੇ ਵੇਲੇ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ, ਇਸ ਲਈ ਇਸਨੂੰ ਸਿੱਧਾ ਕਰ ਦਿੱਤਾ ਜਾਵੇ।
ਐਸ.ਐਸ.ਪੀ. ਅਨੁਸਾਰ ਜੇ.ਈ. ਨੇ ਕਿਹਾ ਕਿ ਖੰਭੇ ਇੰਜ ਹੀ ਸਿੱਧੇ ਨਹੀਂ ਹੋ ਜਾਂਦੇ ਅਤੇ ਇਸ ਲਈ ਉਸਨੇ 35 ਹਜ਼ਾਰ ਰਿਸ਼ਵਤ ਮੰਗੀ ਜਿਸ ਮਗਰੋਂ 20 ਹਜ਼ਾਰ ਵਿਚ ਸੌਦਾ ਤੈਅ ਕਰਕੇ ਗੁਰਸਾਹਿਬ ਸਿੰਘ ਨੇ ਵਿਜੀਲੈਂਸ ਨੂੰ ਸੂਚਿਤ ਕੀਤਾ।
ਇਸ ਮਾਮਲੇ ਵਿਚ ਇੰਸਪੈਕਟਰ ਮਨਦੀਪ ਸਿੰਘ ਅਤੇ ਇੰਸਪੈਕਟਰ ਕੇਵਲ ਕ੍ਰਿਸ਼ਨ ਦੀ ਅਗਵਾਈ ਵਾਲੀ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ 20 ਹਜ਼ਾਰ ਲੈਂਦੇ ਜੇ.ਈ. ਨੂੰ ਗਿਰਫ਼ਤਾਰ ਕੀਤਾ ਜਿਸ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

LEAVE A REPLY