ਡੀ.ਸੀ.ਵਲੋਂ ਟਰੈਵਲ ਏਜੰਟਾਂ ਨੂੰ ਰਜਿਸਟਰੇਸ਼ਨ ਨੰਬਰ ਤੋਂ ਬਿਨਾਂ ਇਸ਼ਤਹਾਰ ਛਾਪਣ ਵਿਰੁੱਧ ਸਖ਼ਤ ਤਾੜਨਾ

0
233

ਜਲੰਧਰ (ਰਮੇਸ਼ ਗਾਬਾ) ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਟਰੈਵਲ ਏਜੰਟਾਂ ਨੂੰ ਸਖਤੀ ਨਾਲ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਉਨਾਂ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਕਿ ਕਿਸੇ ਤਰ੍ਹਾਂ ਦੀ ਇਸਤਿਹਾਰਬਾਜ਼ੀ ‘ਤੇ ਆਪਣੀ ਰਜਿਸਟਰੇਸ਼ਨ ਨੰਬਰ ਨਹੀਂ ਛਾਪਣਗੇ।    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਸ਼ਰਮਾ ਨੇ ਕਿਹਾ ਕਿ ਹਰ ਟਰੈਵਲ ਏਜੰਟ ਵਲੋਂ ਕਿਸੇ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ‘ਤੇ ਆਪਣਾ ਰਜਿਸਟਰੇਸ਼ਨ ਨੰਬਰ ਲਿਖਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਵਲੋਂ ਇਸ਼ਤਿਹਾਰ ਭਾਵੇਂ ਇਲੈਕਟਰੋਨਿਕ ਜਾਂ ਪ੍ਰਿੰਟ ਮੀਡੀਆ ਜਾਂ ਨਿਊਜ ਚੈਨਲ ਜਾਂ ਕੰਧਾਂ ‘ਤੇ ਜਾਂ ਕਿਸੇ ਵਹੀਕਲ ਦੇ ਪਿਛੇ ਲਗਾਇਆ ਗਿਆ ਹੋਵੇ ਉਸ ‘ਤੇ ਰਜਿਸਟਰੇਸ਼ਨ ਨੰਬਰ ਲਿਖਣਾ ਜਰੂਰੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਪ੍ਰਤੀ ਕਿਸੇ ਵੀ ਅਣਗਹਿਲੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰ ਪਬਲਿਸ਼ਰ ਵਲੋਂ ਇਸ਼ਤਿਹਾਰ ਨੂੰ ਵੈਰੀਫਾਈ ਕਰਨ ਉਪਰੰਤ ਰਜਿਸਟਰੇਸ਼ਨ ਦੀ ਕਾਪੀ ਅਪਣੇ ਕੋਲ ਰੱਖੀ ਜਾਵੇਗੀ ਅਜਿਹਾ ਨਾ ਕਰਨ ‘ਤੇ ਉਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਟਰੈਵਲ ਏਜੰਟਾਂ ਨੂੰ ਵੀ ਕਿਹਾ ਕਿ ਉਹ ਇਸ਼ਤਿਹਾਰ ‘ਤੇ ਰਜਿਸਟਰੇਸ਼ਨ ਨੰਬਰ ਲਿਖਾਉਣ ਨੂੰ ਯਕੀਨੀ ਬਣਾਉਣ। ਸ੍ਰੀ ਸ਼ਰਮਾ ਨੇ ਪ੍ਰਕਾਸ਼ਕ ਅਤੇ ਪ੍ਰਸਾਰਣ ਕਰਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ਼ਤਿਹਾਰ ਪ੍ਰਕਾਸ਼ਕ/ਪ੍ਰਸਾਰਣ ਕਰਨ ਮੌਕੇ ਰਜਿਸਟਰੇਸਨ ਦੀ ਕਾਪੀ ਜਰੂਰੀ ਰੱਖਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਲੋਕਾਂ ਨੂੰ ਅਣ ਅਧਿਕਾਰਤ ਟਰੈਵਲ ਏਜੰਟਾਂ ਦੇ ਚੁੰਗਲ ਤੋਂ ਬਚਾਉਣ ਲਈ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪਹਿਲਾਂ ਹੀ ਰਜਿਸਟਰਡ ਟਰੈਵਲ ਏਜੰਟਾਂ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ www.jalandhar.nic.in  ‘ਤੇ ਅਪਲੋਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹਨ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਤੋਂ ਅਧਿਕਾਰਤ ਟਰੈਵਲ ਏਜੰਟਾਂ ਬਾਰੇ ਜਾਣਕਾਰੀ ਜਰੂਰ ਪ੍ਰਾਪਤ ਕਰ ਲੈਣ। ਇਸ ਤੋਂ ਇਲਾਵਾ ਇਸ ਵੈਬਸਾਈਟ ਤੋਂ ਟਿਕਟ ਏਜੰਟਾਂ ਅਤੇ ਕੰਸਲਟੈਂਸੀ ਫਰਮਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾ ਸਕਦੀ ਹੈ।

LEAVE A REPLY