ਬਿਜਲੀ ਬਿੱਲਾਂ ਦੀ ਹੋਰ ਮਾਰ ਨਹੀਂ ਝੱਲ ਸਕਦੇ ਪੰਜਾਬ ਦੇ ਖਪਤਕਾਰ-ਅਮਨ ਅਰੋੜਾ

0
155

ਚੰਡੀਗੜ੍ਹ (ਟੀਐਲਟੀ ਨਿਊਜ਼) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਵਿੱਤੀ ਸਾਲ 2018-19 ‘ਚ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਬਿਜਲੀ ਦੇ ਭਾਅ ‘ਚ ਵੱਡਾ ਵਾਧਾ ਕਰਨ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਪਹਿਲਾ ਹੀ ਬੇਹੱਦ ਮਹਿੰਗੀ ਬਿਜਲੀ ਖ਼ਰੀਦ ਰਹੇ ਪੰਜਾਬ ਦੇ ਖਪਤਕਾਰ ਬਿਜਲੀ ਦਰਾਂ ‘ਚ ਹੋਰ ਵਾਧੇ ਦੀ ਮਾਰ ਨਹੀਂ ਝੱਲ ਸਕਦੇ। ‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਸਾਲ 2018-19 ਲਈ ਬਿਜਲੀ ਦੀਆਂ ਦਰਾਂ ‘ਚ 15.9 ਫ਼ੀਸਦੀ ਵਾਧੇ ਦੀ ਤਜਵੀਜ਼ ਭੇਜੀ ਗਈ ਹੈ, ਜਿਸ ਨਾਲ ਪੰਜਾਬ ਦੇ ਬਿਜਲੀ ਖਪਤਕਾਰਾਂ ਉੱਤੇ 5339 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪੈਣਾ ਤੈਅ ਹੈ। ਅਮਨ ਅਰੋੜਾ ਨੇ ਇਸ ਤਰ੍ਹਾਂ ਦੀਆਂ ਤਜਵੀਜ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਬਿਜਲੀ ਦਰਾਂ ‘ਚ ਹੋਰ ਵਾਧਾ ਕਰਨ ਦੀ ਗੁਸਤਾਖ਼ੀ ਕੀਤੀ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ।
ਅਮਨ ਅਰੋੜਾ ਨੇ ਕੈਪਟਨ ਸਰਕਾਰ ਉੱਪਰ ਬਾਦਲਾਂ ਦੀ ਤਰਜ਼ ‘ਤੇ ਨਿੱਜੀ ਬਿਜਲੀ ਕੰਪਨੀਆਂ ਨੂੰ ਲਾਭ ਦੇਣ ਅਤੇ ਮਿਲੀਭੁਗਤ ਦਾ ਦੋਸ਼ ਲਗਾਇਆ। ‘ਆਪ’ ਆਗੂ ਨੇ ਵਿਅੰਗਮਈ ਸਵਾਲ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪੁੱਛਿਆ ਕਿ ਹੁਣ ਜਦ ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਲਈ ‘ਚਿੱਟਾ ਹਾਥੀ’ ਬਣੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਹੈ ਅਤੇ ਰੋਪੜ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਪੰਜਾਬ ‘ਚ ਬਿਜਲੀ ਮਹਿੰਗੀ ਨਹੀਂ ਬਲਕਿ ਸਸਤੀ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਨੂੰ ਸਹੀ ਦੱਸਦਿਆਂ ਦਲੀਲ ਦਿੱਤੀ ਸੀ ਕਿ ਬਠਿੰਡਾ ਥਰਮਲ ਪਲਾਂਟ ਸਰਕਾਰੀ ਖ਼ਜ਼ਾਨੇ ਲਈ ਬੇਹੱਦ ਮਹਿੰਗਾ ਸਾਬਤ ਹੋ ਰਿਹਾ ਹੈ।
ਅਮਨ ਅਰੋੜਾ ਨੇ ਪੰਜਾਬ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਸੇਧ ਲੈਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜਦ ਦਿੱਲੀ ‘ਚ ਕੇਜਰੀਵਾਲ ਦੀ ਸਰਕਾਰ ਬਣੀ ਸੀ ਤਾਂ ਦਿੱਲੀ ‘ਚ ਪੂਰੇ ਦੇਸ਼ ਨਾਲੋਂ ਬਿਜਲੀ ਮਹਿੰਗੀ ਸੀ ਅਤੇ ਕੇਜਰੀਵਾਲ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲੋਂ ਆਮ ਖਪਤਕਾਰ ਨੂੰ ਤਰਜੀਹ ਦਿੰਦੇ ਹੋਏ ਅਜਿਹੀ ਬਿਜਲੀ ਨੀਤੀ ਲਾਗੂ ਕੀਤੀ ਜਿਸ ਨਾਲ ਅੱਜ ਦਿੱਲੀ ਦੇਸ਼ ਦੇ ਸਸਤੀ ਬਿਜਲੀ ਦੇਣ ਵਾਲੇ ਮੋਹਰੀ ਰਾਜਾਂ ‘ਚ ਸ਼ਾਮਲ ਹੈ। ਇਸ ਦੇ ਉਲਟ ਪੰਜਾਬ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਵੇਚਣ ਵਾਲੇ ਰਾਜਾਂ ‘ਚ ਸ਼ਾਮਲ ਹੈ।

LEAVE A REPLY