ਵਿਰੋਧੀਆਂ ਦੁਆਰਾ ਲਗਾਏ ਜਾ ਰਹੇ ਇਲਜਾਮ ਬੇ-ਬੁਨਿਆਦ ਅਤੇ ਅਕਸ ਖਰਾਬ ਕਰਨ ਵਾਲੇ, ਕਿਸੇ ਵੀ ਜਾਂਚ ਲਈ ਤਿਆਰ- ਪ੍ਰੋ. ਬਲਜਿੰਦਰ ਕੌਰ

0
154

ਚੰਡੀਗੜ,(ਟੀਐਲਟੀ ਨਿਊਜ਼) ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਵਿਰੋਧੀ ਪਾਰਟੀਆਂ ਦੁਆਰ ਉਨਾਂ ਉਪਰ ਗੁੰਡਾ ਟੈਕਸ ਵਸੂਲਣ ਦੇ ਲਗਾਏ ਜਾ ਰਹੇ ਇਲਜਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਇਸਨੂੰ ਬੇ-ਬੁਨਿਆਦ ਅਤੇ ਉਨਾਂ ਦਾ ਅਕਸ ਖਰਾਬ ਕਰਨ ਦੀ ਕਾਰਵਾਈ ਕਰਾਰ ਦਿੱਤਾ ਹੈ। ਮੀਡੀਆ ਵਿਚ ਜਾਰੀ ਬਿਆਨ ਵਿਚ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਜੇਕਰ ਉਨਾਂ ਖਿਲਾਫ ਕੋਈ ਅਜਿਹੀ ਸ਼ਿਕਾਇਤ ਹੈ ਤਾਂ ਸਰਕਾਰ ਇਸਦੀ ਜਾਂਚ ਕਰਾਉਣ ਤੋਂ ਕਿਉ ਡਰਦੀ ਹੈ। ਉਨਾਂ ਕਿਹਾ ਕਿ ਅਸਲ ਵਿਚ ਇਹ ਕਾਰਵਾਈ ਕਾਂਗਰਸੀ ਆਗੂਆਂ ਦੁਆਰਾ ਕੀਤੀ ਜਾ ਰਹੀ ਨਜਾਇਜ ਮਾਈਨਿੰਗ ਅਤੇ ਵਸੂਲੇ ਜਾ ਰਹੇ ਗੁੰਡਾ ਟੈਕਸ ਤੋਂ ਧਿਆਨ ਭਟਕਾਉਣ ਲਈ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਬੀਤੇ ਸਮੇਂ ਵਿਚ ਪੰਜਾਬ ਵਿਚ ਹੋ ਰਹੇ ਹਰ ਅਪਰਾਧ ਦੀਆਂ ਤਾਰਾਂ ਕਾਂਗਰਸੀ, ਅਕਾਲੀ ਅਤੇ ਭਾਜਪਾ ਨੇਤਾਵਾਂ ਨਾਲ ਜੁੜ ਕਾਰਨ ਇਹ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਵੀ ਇਸ ਵਿਚ ਘਸੀਟਣਾ ਚਾਹੁੰਦੀਆਂ ਹਨ। ਉਨਾਂ ਕਿਹਾ ਕਿ ਪਿਛਲੇ ਦਿਨੀ ਗੈਂਗਸਟਰ ਰਵੀ ਦਿਓਲ ਵਲੋਂ ਅਕਾਲੀ ਆਗੂ ਪਰਮਿੰਦਰ ਢੀਂਡਸਾ, ਵਿੱਕੀ ਗੌਂਡਰ ਦੇ ਪਰਿਵਾਰ ਵਲੋਂ ਕਾਂਗਰਸੀ ਆਗੂ ਅਵਤਾਰ ਹੈਨਰੀ ਅਤੇ ਹੋਰ ਆਗੂਆਂ ਦੇ ਨਾਮ ਲੈਣ ਕਾਰਨ ਇਹ ਪਾਰਟੀਆਂ ਬੋਖਲਾਹਟ ਵਿਚ ਆ ਗਈਆਂ ਹਨ। ਵਿਧਾਇਕਾ ਨੇ ਕਿਹਾ ਕਿ ਉਹ ਆਪਣੇ ਖਿਲਾਫ ਲਗਾਏ ਜਾ ਰਹੇ ਇਲਜਾਮਾਂ ਦੀ ਜਾਂਚ ਲਈ ਤਿਆਰ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੁਆਰਾ ਸੂਬੇ ਵਿਚ ਹੋ ਰਹੀ ਨਜਾਇਜ ਮਾਈਨਿੰਗ ਅਤੇ ਗੁੰਡਾ ਟੈਕਸ ਵਸੂਲਣ ਦੇ ਮੁੱਦੇ ਉਤੇ ਸਰਬ ਪਾਰਟੀ ਕਮੇਟੀ ਬਣਾ ਕੇ ਇਹਨਾਂ ਕਾਰਜਾਂ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਉਹ ਵੀ ਦੁਹਰਾਉਦੇ ਹਨ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ।

LEAVE A REPLY