ਭਾਰਤੀ ਮੁਟਿਆਰਾਂ ਨੇ 13 ਸਾਲ ਬਾਅਦ ਰਚਿਆ ਇਤਿਹਾਸ

0
732

ਕਾਕਾਮਿਗਹਾਰਾ: ਭਾਰਤ ਨੇ 9ਵੇਂ ਮਹਿਲਾ ਹਾਕੀ ਏਸ਼ੀਆ ਕੱਪ ਦੇ ਖਿਤਾਬ ‘ਤੇ ਕਬਜ਼ਾ ਜਮ੍ਹਾ ਲਿਆ ਹੈ। ਭਾਰਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੀਨ ਨੂੰ ਫਾਈਨਲ ਮੁਕਾਬਲੇ ‘ਚ ਮਾਤ ਦੇ ਕੇ ਸੋਨ ਤਗਮਾ ਝੋਲੀ ਪਾ ਲਿਆ। ਪੂਰੇ ਸਮੇਂ ਤੱਕ 1-1 ਗੋਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਰਾਹੀਂ 5-4 ਨਾਲ ਭਾਰਤ ਨੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਦੂਜੀ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਇਸ ਜਿੱਤ ਨਾਲ ਭਾਰਤ ਨੇ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਭਾਰਤੀ ਟੀਮ ਵੱਲੋਂ ਪਹਿਲਾ ਗੋਲ 25ਵੇਂ ਮਿੰਟ ‘ਚ ਨਵਜੋਤ ਕੌਰ ਨੇ ਦਾਗਿਆ। ਇਸ ਤੋਂ ਬਾਅਦ ਇਸ ਟੀਮ ਨੇ ਕਾਫ਼ੀ ਜੱਦੋ-ਜਹਿਦ ਕੀਤੀ ਪਰ ਚੀਨ ਨੇ ਪੂਰੀ ਟੱਕਰ ਦਿੱਤੀ।

ਭਾਰਤੀ ਟੀਮ ਇੱਕ ਗੋਲ ਦੀ ਲੀਡ ਨੂੰ 22 ਮਿੰਟ ਤੱਕ ਕਾਇਮ ਰੱਖ ਸਕੀ ਤੇ 47ਵੇਂ ਮਿੰਟ ‘ਚ ਚੀਨ ਨੇ ਭਾਰਤ ਦੇ ਪਾਲੇ ‘ਚ ਗੋਲ ਦਾਗ ਦਿੱਤਾ। ਮੈਚ ਦੇ ਅੰਤ ਤੱਕ ਭਾਰਤੀ ਟੀਮ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਹੋਰ ਗੋਲ ਨਹੀਂ ਕਰ ਸਕੀ ਤੇ ਮੈਚ ਪੂਰੇ ਸਮੇਂ ਤੋਂ ਬਾਅਦ ਬਰਾਬਰੀ ‘ਤੇ ਸਮਾਪਤ ਹੋ ਗਿਆ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਰਾਹੀਂ ਭਾਰਤ ਨੇ ਮੈਚ ‘ਤੇ 5-4 ਨਾਲ ਕਬਜ਼ਾ ਜਮ੍ਹਾਂ ਲਿਆ।ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ‘ਚ ਚੌਥੀ ਵਾਰ ਪਹੁੰਚਿਆ ਸੀ। ਇਸ ਤੋਂ ਪਹਿਲਾਂ 1999 ‘ਚ ਹਾਰ ਗਿਆ ਸੀ ਤੇ 2004 ‘ਚ ਮੇਜ਼ਬਾਨੀ ਕਰਦਿਆਂ ਜਿੱਤ ਦਰਜ ਕੀਤੀ ਸੀ। 2009 ‘ਚ ਚੀਨ ਤੋਂ ਹੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦੱਸ ਦਈਏ ਕਿ ਪਿਛਲੇ ਮਹੀਨੇ ਢਾਕਾ ‘ਚ ਹੋਏ ਪੁਰਸ਼ ਏਸ਼ੀਆ ਕੱਪ ‘ਚ ਵੀ ਭਾਰਤ ਨੇ ਖਿਤਾਬ ‘ਤੇ ਕਬਜ਼ਾ ਕੀਤਾ ਸੀ।

LEAVE A REPLY