ਪੰਜਾਬ ਪੁਲਿਸ ਨੇ ਖਿਤਾਬ ਤੇ ਕਬਜ਼ਾ ਕੀਤਾ, ਫਾਇਨਲ ਵਿੱਚ ਓਐਨਜੀਸੀ ਨੂੰ 2-1 ਨਾਲ ਹਰਾਇਆ

0
815

ਜਲੰਧਰ (ਰਮੇਸ਼ ਗਾਬਾ/ਸ਼ਰਮਾ/ਕਰਨ)- ਪੰਜਾਬ ਪੁਲਿਸ ਜਲੰਧਰ ਨੇ 17 ਸਾਲ ਦੇ ਲੰਬੇ ਅਰਸੇ ਮਗਰੋਂ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤਣ ਦਾ ਮਾਣ ਹਾਸਲ ਕੀਤਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਫਾਇਨਲ ਵਿੱਚ ਪੰਜਾਬ ਪੁਲਿਸ ਨੇ ਓਐਨਜੀਸੀ ਦਿੱਲੀ ਨੂੰ 2-1 ਨਾਲ ਹਰਾਇਆ। ਜੇਤੂ ਟੀਮ ਨੂੰ 5 ਲੱਖ ਰੁਪਏ ਦੇ ਨਾਲ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ, ਜੋ ਕਿ ਟੁੱਟ ਬ੍ਰਦਰਜ਼ ਯੂਐਸਏ ਵਲੋਂ ਸਪਾਂਸਰ ਕੀਤਾ ਗਿਆ ਸੀ। ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਸੀ ਟੀ ਗਰੁੱਪ ਵਲੋਂ ਸਪਾਂਸਰ ਕੀਤਾ ਗਿਆ। ਪੰਜਾਬ ਪੁਲਿਸ ਦੇ ਉਲੰਪੀਅਨ ਰਮਨਦੀਪ ਸਿੰਘ ਨੂੰ ਟੂਰਨਾਮੈਂਟ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ, ਉਸ ਨੂੰ 51 ਹਜ਼ਾਰ ਰੁਪਏ ਦਾ ਇਨਾਮ, ਜੋ ਕਿ ਰਣਬੀਰ ਸਿੰਘ ਰਾਣਾ ਟੁੱਟ ਵਲੋਂ ਸਪਾਂਸਰ ਕੀਤਾ ਗਿਆ ਸੀ, ਦਿੱਤਾ ਗਿਆ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ 2000 ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ ਮਾਤ ਦੇ ਕੇ ਖਿਤਾਬ ਜਿੱਤਿਆ ਸੀ। ਫਾਇਨਲ ਮੈਚ ਤੋਂ ਪਹਿਲਾਂ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਦਰਸ਼ਕਾਂ ਦਾ ਆਪਣੀ ਗਾਇਕੀ ਨਾਲ ਮਨੋਰੰਜਨ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਫਾਇਨਲ ਮੁਕਾਬਲਾ ਤੇਜ ਗਤੀ ਨਾਲ ਖੇਡਿਆ ਗਿਆ। ਖੇਡ ਦੇ ਪਹਿਲੇ ਅੱਧ ਵਿੱਚ ਪੰਜਾਬ ਪੁਲਿਸ ਨੇ ਆਪਣਾ ਦਬਦਬਾ ਬਣਾਈ ਰੱਖਿਆ। ਖੇਡ ਦੇ 16ਵੇਂ ਮਿੰਟ ਵਿੱਚ ਪੁਲਿਸ ਲਈ ਉਲੰਪੀਅਨ ਰਮਨਦੀਪ ਸਿੰਘ ਨੇ ਉਲੰਪੀਅਨ ਅਕਾਸ਼ਦੀਪ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਜਿੱਤ ਦਾ ਮੁੱਢ ਬੱਝਿਆ। ਇਸ ਤੋਂ ਬਾਅਦ ਓਐਨਜੀਸੀ ਨੇ ਬਰਾਬਰੀ ਤੇ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਲਾਭ ਨਾ ਮਿਲਿਆ। ਅੱਧੇ ਸਮੇਂ ਤੱਕ ਪੰਜਾਬ ਪੁਲਿਸ 1-0 ਨਾਲ ਅੱਗੇ ਸੀ।
ਅੱਧੇ ਸਮੇਂ ਤੋਂ ਬਾਅਦ ਪੰਜਾਬ ਪੁਲਿਸ ਵਲੋਂ 48ਵੇਂ ਮਿੰਟ ਵਿੱਚ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 65ਵੇਂ ਮਿੰਟ ਵਿੱਚ ਓਐਨਜੀਸੀ ਦੇ ਦਿਵਾਕਰ ਰਾਮ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-2 ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੇ ਸਕੋਰ 2-1 ਰਹਿਣ ਕਰਕੇ ਪੰਜਾਬ ਪੁਲਿਸ ਨੇ ਫਾਇਨਲ ਮੁਕਾਬਲਾ ਜਿੱਤ ਲਿਆ।
ਅੱਜ ਦੇ ਫਾਇਨਲ ਮੁਕਾਬਲੇ ਸਮੇਂ ਜਿਥੇ ਸੁਰਜੀਤ ਹਾਕੀ ਦੇ ਸਪਾਂਸਰਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਨਾਲ ਹੀ ਹਾਕੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਲ਼ੱਕੀ ਡਰਾਅ ਰਾਹੀਂ ਕਾਰ ਪਰਚੀ ਨੰਬਰ 16158 ਦੀ ਨਿਕਲੀ 

ਫਾਇਨਲ ਮੈਚ ਤੋਂ ਬਾਅਦ ਕੱਢੇ ਗਏ ਲੱਕੀ ਡਰਾਅ ਵਿੱਚ ਪਰਚੀ ਨੰਬਰ 16158 ਦੀ ਨਿਕਲੀ, ਜੋ ਕਿ ਸਟੇਡੀਅਮ ਦੇ ਨਾਲ ਲਗਦੇ ਕਬੀਰ ਨਗਰ ਦੇ ਰਹਿਣ ਵਾਲੇ ਪ੍ਰਸ਼ੋਤਮ ਅਰਨੇਜਾ ਕੋਲ ਸੀ ਜੋ ਕਿ ਹਰ ਰੋਜ਼ ਪਰਿਵਾਰ ਸਮੇਤ ਸੁਰਜੀਤ ਹਾਕੀ ਟੂਰਨਾਮੈਂਟ ਦੇ ਮੈਚ ਦੇਖਣ ਲਈ ਪਹੁੰਚਦੇ ਸਨ। ਇਸ ਤੋਂ ਇਲਾਵਾ ਮੋਟਰਸਾਇਕਲ ਪਰਚੀ ਨੰਬਰ 13603 ਦਾ ਨਿਕਲਿਆ, ਵਾਸ਼ਿੰਗ ਮਸ਼ੀਨ 17274 ਪਰਚੀ ਨੰਬਰ ਦੀ ਨਿਕਲੀ, ਮਾਇਕਰੋਵੇਵ 16241 ਨੰਬਰ, ਰੈਫਰੀਜਰੇਟਰ 22637 ਪਰਚੀ ਦੀ ਨਿਕਲੀ।

LEAVE A REPLY