34ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਪੰਜਾਬ ਪੁਲਿਸ ਤੇ ਓਐਨਜੀਸੀ ਦਿੱਲੀ ਫਾਇਨਲ ਵਿੱਚ

0
929

ਜਲੰਧਰ (ਰਮੇਸ਼ ਗਾਬਾ/ਸ਼ਰਮਾ/ਕਰਨ)-ਪੰਜਾਬ ਪੁਲਿਸ ਜਲੰਧਰ ਅਤੇ ਓਐਨਜੀਸੀ ਦਿੱਲੀ ਦੀਆਂ ਟੀਮਾਂ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿੱਚ ਭਿੜਨਗੀਆਂ। ਪੰਜਾਬ ਪੁਲਿਸ ਨੇ ਇੰਡੀਅਨ ਆਇਲ ਮੁੰਬਈ ਨੂੰ 5-3 ਨਾਲ ਹਰਾ ਕੇ 10 ਵੀਂ ਵਾਰ ਫਾਇਨਲ ਵਿੱਚ ਪ੍ਰਵੇਸ਼ ਕੀਤਾ ਅਤੇ ਓਐਨਜੀਸੀ ਦਿੱਲੀ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 2-0 ਨਾਲ ਹਰਾ ਕੇ ਪਹਿਲੀ ਵਾਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਪੰਜਾਬ ਪੁਲਿਸ ਨੇ ਇਸ ਟੂਰਨਾਮੈਂਟ ਦੇ ਫਾਇਨਲ ਵਿੱਚ 2004 ਤੋਂ ਬਾਅਦ ਆਪਣਾ ਸਥਾਨ ਬਣਾਇਆ ਹੈ।
ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਫਾਇਨਲ ਮੁਕਾਬਲਾ 31 ਅਕਤੂਬਰ (ਮੰਗਲਵਾਰ) ਨੂੰ ਸ਼ਾਮ 6-00 ਵਜੇ ਖੇਡਿਆ ਜਾਵੇਗਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਕਰਨਗੇ ਜਦਕਿ ਸੰਦੀਪ ਜੈਨ ਚੀਫ ਜਨਰਲ ਮੈਨੇਜਰ ਇੰਡੀਅਨ ਆਇਲ ਅਤੇ ਰਣਜੀਤ ਸਿੰਘ ਟੁੱਟ (ਐਨਆਰਆਈ) ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਜੇਤੂ ਰਹੀ ਟੀਮ ਨੂੰ 5 ਲੱਖ ਰੁਪਏ ਨਕਦ ਅਤੇ ਉਪ ਜੇਤੂ ਨੂੰ 2-50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਫਾਇਨਲ ਮੈਚ ਤੋਂ ਪਹਿਲਾਂ ਉਘੇ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਅੱਜ ਖੇਡੇ ਗਏ ਪਹਿਲੇ ਸੈਮੀਫਾਇਨਲ ਵਿੱਚ ਓਐਨਜੀਸੀ ਦਿੱਲੀ ਅਤੇ ਪੰਜਾਬ ਐਂਡ ਸਿੰਧ ਬੈਂਕ ਨੇ ਬੇਹਤਰੀਨ ਖੇਡ ਦਾ ਮੁਜ਼ਾਹਰਾ ਕੀਤਾ। ਖੇਡ ਦੇ 14ਵੇਂ ਮਿੰਟ ਵਿੱਚ ਓਐਨਜੀਸੀ ਦੇ ਨੀਲਮ ਐਕਸਸ ਨੇ ਪਹਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਲੀਡ ਹਾਸਲ ਕੀਤੀ।  ਇਸ ਤੋਂ ਬਾਅਦ ਪੰਜਾਬ ਐਂਡ ਸਿੰਧ ਬੈਂਕ ਵਲੋਂ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਕੋਈ ਲਾਭ ਨਹੀਂ ਹੋਇਆ। ਅੱਧੇ ਸਮੇਂ ਤੱਕ ਓਐਨਜੀਸੀ 1-0 ਨਾਲ ਅੱਗੇ ਸੀ।
ਅੱਧੇ ਸਮੇਂ ਤੋਂ ਬਾਅਦ ਓਐਨਜੀਸੀ ਨੇ ਮੈਚ ਤੇ ਆਪਣਾ ਦਬਦਬਾ ਬਰਕਰਾਰ ਰੱਖਿਆ। ਖੇਡ ਦੇ 55ਵੇਂ ਮਿੰਟ ਵਿੱਚ ਓਐਨਜੀਸੀ ਦੇ ਸੁਮਨ ਖਜੂਰ ਨੇ ਜਰਮਨਪ੍ਰੀਤ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ।
ਦੂਜੇ ਸੈਮੀਫਾਇਨਲ ਵਿੱਚ ਭਾਰਤੀ ਹਾਕੀ ਟੀਮ ਦੇ ਸਿਤਾਰਿਆਂ ਨਾਲ ਸਜੀ ਪੰਜਾਬ ਪੁਲਿਸ ਦੀ ਟੀਮ ਨੇ ਸ਼ੁਰੂਆਤੀ ਪਲਾਂ ਤੋਂ ਹੀ ਹਮਲਾਵਰ ਰੱਖ ਅਪਣਾਇਆ। ਖੇਡ ਦੇ 5ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਗੁਰਵਿੰਦਰ ਸਿੰਘ ਚੰਦੀ ਨੇ ਅਕਾਸ਼ਦੀਪ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। 8ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ।
ਖੇਡ ਦੇ ਦੂਜੇ ਅੱਧ ਦੇ 41ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਅਕਾਸ਼ਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-0 ਕੀਤਾ। ਖੇਡ ਦੇ 43ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਕਪਤਾਨ ਉਲੰਪੀਅਨ ਦੀਪਕ ਠਾਕੁਰ ਨੇ ਅਤੇ 47ਵੇਂ ਮਿੰਟ ਵਿੱਚ ਅਫਾਨ ਯੂਸਫ ਨੇ ਦੋ ਮੈਦਾਨੀ ਗੋਲ ਕਰਕੇ ਸਕੋਰ 2-3 ਕੀਤਾ। 55ਵੇਂ ਮਿੰਟ ਵਿੱਚ ਉਲੰਪੀਅਨ ਰਮਨਦੀਪ ਸਿੰਘ ਨੇ ਉਲੰਪੀਅਨ ਅਕਾਸ਼ਦੀਪ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 4-2 ਕੀਤਾ।  ਢਭਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਉਲੰਪੀਅਨ ਰਘੂਨਾਥ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 3-4 ਕੀਤਾ। 64ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 5-3 ਕੀਤਾ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਕੁਲਦੀਪ ਸਿੰਘ ਏਡੀਜੀਪੀ ਪੀਏਪੀ ਜਲੰਧਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਫਤਿਹਜੰਗ ਸਿੰਘ ਬਾਜਵਾ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਤਰਮਿੰਦਰ ਸਿੰਘ ਢੇਸੀ ਕਾਹਨਾ ਢੇਸੀਆਂ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 2 ਲੱਖ ਰੁਪਏ ਦਾ ਚੈਕ ਦਿੱਤਾ ਗਿਆ। ਇਸ ਮੌਕੇ ਤੇ ਵਿਧਾਇਕ ਪਰਗਟ ਸਿੰਘ, ਤਰਲੋਕ ਸਿੰਘ ਭੁੱਲਰ, ਨਿਤਿਨ ਕੋਹਲੀ ਪ੍ਰਧਾਨ ਹਾਕੀ ਪੰਜਾਬ, ਅਮਰੀਕ ਸਿੰਘ ਪੁਆਰ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਦਲਜੀਤ ਸਿੰਘ (ਕਸਟਮ), ਤਰਸੇਮ ਸਿੰਘ ਪੁਆਰ, ਲਖਵਿੰਦਰ ਪਾਲ ਸਿੰਘ ਖਹਿਰਾ ਕਮਾਂਡੈਂਟ, ਰਜਿੰਦਰ ਸਿੰਘ ਡੀਸੀਪੀ ਜਲੰਧਰ, ਸਵਿੰਦਰ ਸਿੰਘ ਬਿੱਲਾ ਕਮਾਂਡੈਂਟ, ਬਲਦੇਵ ਸਿੰਘ ਰੰਧਾਵਾ, ਰਾਮ ਪ੍ਰਤਾਪ, ਇਕਬਾਲ ਸਿੰਘ ਸੰਧੂ, ਨਰਿੰਦਰ ਪਾਲ ਸਿੰਘ ਜੱਜ, ਰਣਜੀਤ ਸਿੰਘ ਟੁੱਟ, ਗੁਨਦੀਪ ਸਿੰਘ ਕਪੂਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY