34ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

0
746

 

* ਓਐਨਜੀਸੀ ਦਿੱਲੀ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 6-0 ਨਾਲ ਹਰਾਇਆ
* ਇੰਡੀਅਨ ਆਇਲ ਮੁੰਬਈ ਨੇ ਭਾਰਤੀ ਨੇਵੀ ਨੂੰ 4-1 ਨਾਲ ਹਰਾਇਆ
* ਪੱਛਮੀ ਰੇਲਵੇ ਮੁੰਬਈ ਨੇ ਯੂਕੋ ਬੈਂਕ ਨੂੰ 5-1 ਨਾਲ ਮਾਤ ਦਿੱਤੀ 
* ਹਰਿਆਣਾ ਨੇ ਉਤਰੀ ਮੱਧ ਰੇਲਵੇ ਨੂੰ 8-4 ਨਾਲ ਹਰਾਇਆ
* ਰੇਲ ਕੋਚ ਫੈਕਟਰੀ ਕਪੂਰਥਲਾ ਅੰਕਾਂ ਦੇ ਆਧਾਰ ਤੇ ਫਾਇਨਲ ਵਿੱਚ

 

ਜਲੰਧਰ (ਰਮੇਸ਼ ਗਾਬਾ/ਸ਼ਰਮਾ/ਕਰਨ) ਓਐਨਜੀਸੀ ਦਿੱਲੀ ਨੇ ਪਿਛਲੇ ਸਾਲ ਦੀ ਜੇਤੂ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 6-0 ਦੇ ਫਰਕ ਨਾਲ ਹਰਾ ਕੇ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਮਰਦਾਂ ਦੇ ਵਰਗ ਦੇ ਪੂਲ ਏ ਵਿੱਚ ਜੇਤੂ ਸ਼ੁਰੂਆਤ ਕੀਤੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਚੌਥੇ ਦਿਨ ਮਰਦਾਂ ਦੇ ਵਰਗ ਦੇ ਦੂਜੇ ਮੈਚ ਵਿੱਚ ਇੰਡੀਅਨ ਆਇਲ ਮੁੰਬਈ ਨੇ ਭਾਰਤੀ ਨੇਵੀ ਨੂੰ 4-1 ਦੇ ਫਰਕ ਨਾਲ ਮਾਤ ਦਿੱਤੀ।

ਜਦਕਿ ਮਹਿਲਾਵਾਂ ਦੇ ਵਰਗ ਵਿੱਚ ਪੱਛਮੀ ਰੇਲਵੇ ਮੁੰਬਈ ਨੇ ਯੂਕੋ ਬੈਂਕ ਨੂੰ 5-1 ਦੇ ਫਰਕ ਨਾਲ ਹਰਾ ਕੇ ਪੂਲ ਏ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਮਹਿਲਾਵਾਂ ਦੇ ਵਰਗ ਦੇ ਇਕ ਹੋਰ ਮੈਚ ਵਿੱਚ ਹਰਿਆਣਾ ਇਲੈਵਨ ਨੇ ਉਤਰੀ ਮੱਧ ਰੇਲਵੇ ਇਲਾਹਾਬਾਦ ਨੂੰ 8-4 ਦੇ ਫਰਕ ਨਾਲ ਮਾਤ ਦਿੱਤੀ। ਪਰ ਇਸ ਜਿੱਤ ਦੇ ਨਾਲ ਵੀ ਹਰਿਆਣਾ ਫਾਇਨਲ ਵਿੱਚ ਪ੍ਰਵੇਸ਼ ਕਰਨ ਤੋਂ ਵਾਂਝਾ ਰਹਿ ਗਿਆ ਕਿਉਂਕਿ ਹਰਿਆਣਾ ਆਪਣਾ ਪਹਿਲਾ ਲੀਗ ਮੈਚ ਰੇਲ ਕੋਚ ਫੈਕਟਰੀ ਤੋਂ 4-0 ਦੇ ਫਰਕ ਨਾਲ ਹਾਰ ਗਿਆ ਸੀ। ਹਰਿਆਣਾ ਦੀ ਅੱਜ ਦੀ ਜਿੱਤ ਦਾ ਲਾਭ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਮਿਲਿਆ ਜੋ ਕਿ ਪੂਲ ਬੀ ਵਿੱਚ ਚਾਰ ਅੰਕ ਲੈ ਕੇ ਪਹਿਲੇ ਸਥਾਨ ਤੇ ਰਹੀ ਅਤੇ ਫਾਇਨਲ ਵਿੱਚ ਪ੍ਰਵੇਸ਼ ਕਰ ਗਈ। ਹਰਿਆਣਾ ਦੇ ਦੋ ਲੀਗ ਮੈਚਾਂ ਤੋਂ ਬਾਅਦ ਤਿੰਨ ਅੰਕ ਹਨ ਅਤੇ ਉਤਰੀ ਮੱਧ ਰੇਲਵੇ ਦੇ ਦੋ ਮੈਚਾਂ ਤੋਂ ਬਾਅਦ ਇਕ ਅੰਕ ਹੈ।

ਪੂਲ ਬੀ ਦੇ ਆਖਰੀ ਲੀਗ ਮੈਚ ਵਿੱਚ ਹਰਿਆਣਾ ਨੇ ਸ਼ੁਰੂਆਤ ਵਿੱਚ ਹੀ ਦਬਦਬਾ ਬਣਾ ਲਿਆ। ਖੇਡ ਦੇ ਦੂਜੇ ਮਿੰਟ ਵਿੱਚ ਰਿਤੂ ਨੇ, 13ਵੇਂ ਮਿੰਟ ਵਿੱਚ ਅਮਰਿੰਦਰ ਨੇ, 17ਵੇਂ ਮਿੰਟ ਵਿੱਚ ਰਿਤੂ ਨੇ, 24ਵੇਂ ਮਿੰਟ ਵਿੱਚ ਅਮਰਿੰਦਰ ਨੇ ਗੋਲ ਕਰਕੇ ਸਕੋਰ 4-0 ਕੀਤਾ। ੲਸਿ ਤੋਂ ਬਾਅਦ ਉਤਰੀ ਮੱਧ ਰੇਲਵੇ ਦੀ ਨਿਸ਼ਾ ਨੇ ਗੋਲ ਕਰਕੇ ਸਕੋਰ 1-4 ਕੀਤਾ। ਅੱਧੇ ਸਮੇਂ ਤੱਕ ਹਰਿਆਣਾ 4-1 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 40ਵੇਂ ਮਿੰਟ ਵਿੱਚ ਉਤਰੀ ਮੱਧ ਰੇਲਵੇ ਦੀ ਅਨੁ ਬਾਲਾ ਨੇ ਗੋਲ ਕਰਕੇ ਸਕੋਰ 2-4 ਕੀਤਾ। ਖੇਡ ਦੇ 49ਵੇਂ ਅਤੇ 57ਵੇਂ ਮਿੰਟ ਵਿੱਚ ਹਰਿਆਣਾ ਦੀ ਅਮਰਿੰਦਰ ਨੇ ਗੋਲ ਕਰਕੇ ਸਕੋਰ 6-2 ਕੀਤਾ। 58ਵੇਂ ਮਿੰਟ ਵਿੱਚ ਉਤਰੀ ਮੱਧ ਰੇਲਵੇ ਦੀ ਅਨੁ ਬਾਲਾ ਨੇ ਅਤੇ 63ਵੇਂ ਮਿੰਟ ਵਿੱਚ ਅੰਜਲੀ ਗੌਤਮ ਨੇ ਗੋਲ ਕਰਕੇ ਸਕੋਰ 4-6 ਕੀਤਾ। ਖੇਡ ਦੇ 65ਵੇਂ ਮਿੰਟ ਵਿੱਚ ਅਮਰਿੰਦਰ ਨੇ ਅਤੇ 67ਵੇਂ ਮਿੰਟ ਵਿੱਚ ਅਮਨਦੀਪ ਨੇ ਗੋਲ ਕਰਕੇ ਸਕੋਰ 8-4 ਕੀਤਾ।

ਮਹਿਲਾਵਾਂ ਦੇ ਵਰਗ ਦੇ ਦੂਜੇ ਮੈਚ ਵਿੱਚ ਪੱਛਮੀ ਰੇਲਵੇ ਨੇ ਯੂਕੋ ਬੈਂਕ ਤੇ ਦਬਦਬਾ ਬਣਾਈ ਰੱਖਿਆ। ਖੇਡ ਦੇ 19ਵੇਂ ਮਿੰਟ ਵਿੱਚ ਰੇਲਵੇ ਦੀ ਮਨਜੀਤ ਕੌਰ ਨੇ ਗੋਲ ਕਰਕੇ ਖਾਤਾ ਖੋਲਿਆ। 23ਵੇਂ ਮਿੰਟ ਵਿੱਚ ਯੂਕੋ ਬੈਂਕ ਦੀ ਨੂਤਨ ਟੋਪੋ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 25ਵੇਂ ਮਿੰਟ ਵਿੱਚ ਰੇਲਵੇ ਦੀ ਕਪਤਾਨ ਪਿੰਕੀ ਨੇ ਅਤੇ 26ਵੇਂ ਮਿੰਟ ਵਿੱਚ ਅਨਪਿਾ ਬਾਰਲਾ ਨੇ ਗੋਲ ਕਰਕੇ ਆਪਣੀ ਟੀਮ ਨੂੰ 3-1 ਨਾਲ ਅੱਗੇ ਕੀਤਾ। ਅੱਧੇ ਸਮੇਂ ਤੱਕ ਪੱਛਮੀ ਰੇਲਵੇ 3-1 ਨਾਲ ਅੱਗੇ ਸੀ। ਅੱਧੇ ਸਮੇਂ ਬਾਅਦ 40ਵੇਂ ਮਿੰਟ ਵਿੱਚ ਪੱਛਮੀ ਰੇਲਵੇ ਦੀ ਕ੍ਰਿਸ਼ਮਾ ਯਾਦਵ ਨੇ  ਅਤੇ 49ਵੇਂ ਮਿੰਟ ਵਿੱਚ ਅਨੁਪਾ ਬਾਰਲਾ ਨੇ ਗੋਲ ਕਰਕੇ ਸਕੋਰ 5-1 ਕੀਤਾ।

ਮਰਦਾਂ ਦੇ ਵਰਗ ਵਿੱਚ ਪੂਲ ਏ ਵਿੱਚ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓਐਨਜੀਸੀ) ਨੇ ਪੰਜਾਬ ਨੈਸ਼ਨਲ ਬੈਂਕ ਖਿਲਾਫ ਤੇਜ਼ ਸ਼ੁਰੂਆਤ ਕੀਤੀ। 13ਵੇਂ ਮਿੰਟ ਵਿਚ ਓਐਨਜੀਸੀ ਵਲੋਂ ਮਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। 25ਵੇਂ ਮਿੰਟ ਵਿੱਚ ਓਐਨਜੀਸੀ ਦੇ ਸੁਮਿਤ ਕੁਮਾਰ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਅੱਧੇ ਸਮੇਂ ਤੱਕ ਓਐਨਜੀਸੀ ਦੀ ਟੀਮ 2-0 ਨਾਲ ਅੱਗੇ ਸੀ।

ਅੱਧੇ ਸਮੇਂ ਤੋਂ ਬਾਅਦ 39ਵੇਂ ਮਿੰਟ ਵਿੱਚ ਮਨਦੀਪ ਸਿੰਘ ਨੇ ਓਐਨਜੀਸੀ ਲਈ ਗੋਲ ਕੀਤਾ। 44ਵੇਂ ਮਿੰਟ ਵਿੱਚ ਓਐਨਜੀਸੀ ਦੇ ਜਗਵੰਤ ਸਿੰਘ ਨੇ ਗੋਲ ਕਰਕੇ ਸਕੋਰ 4-0 ਕੀਤਾ। 47ਵੇਂ ਮਿੰਟ ਵਿੱਚ ਓਐਨਜੀਸੀ ਦੇ ਅਜੇ ਯਾਦਵ ਨੇ ਗੋਲ ਕਰਕੇ ਸਕੋਰ 5-0 ਕੀਤਾ। 51ਵੇਂ ਮਿੰਟ ਵਿੱਚ ਓਐਨਜੀਸੀ ਦੇ ਹਰਪਾਲ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 6-0 ਕੀਤਾ। ਇਸ ਜਿੱਤ ਨਾਲ ਓਐਨਜੀਸੀ ਨੇ ਆਪਣੇ ਖਾਤੇ ਵਿੱਚ ਤਿੰਨ ਅੰਕ ਜੋੜ ਲਏ।

ਪੂਲ ਸੀ ਵਿੱਚ ਇੰਡੀਅਨ ਆਇਲ ਅਤੇ ਭਾਰਤੀ ਨੇਵੀ ਦਰਮਿਆਨ ਸੰਘਰਸ਼ਪੂਰਨ ਰਿਹਾ। ਖੇਡ ਦੇ 21ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਅਫਾਨ ਯੂਸਫ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। ਖੇਡ ਦੇ 32ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਅਫਾਨ ਯੂਸਫ ਨੇ ਇਕ ਹੋਰ ਗੋਲ ਕਰਕੇ ਸਕੋਰ 2-0 ਕੀਤਾ।  ਅੱਧੇ ਸਮੇਂ ਤੱਕ ਇੰਡੀਅਨ ਆਇਲ 2-0 ਨਾਲ ਅੱਗੇ ਸੀ।
ਅੱਧੇ ਸਮੇਂ ਤੋਂ ਬਾਅਦ 47ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਜੁਗਰਾਜ ਸਿੰਘ ਨੇ ਗੋਲ ਕਰਕੇ ਸਕੋਰ 1-2 ਕੀਤਾ। 59ਵੇਂ ਮਿੰਟ ਵਿੱਚ ਰਘੁਨਾਥ ਅਤੇ 61ਵੇਂ ਮਿੰਟ ਵਿੱਚ ਰੋਸ਼ਨ ਮਿੰਜ ਨੇ ਗੋਲ ਕਰਕੇ ਸਕੋਰ ਇੰਡੀਅਨ ਆਾਇਲ ਦੇ ਹੱਕ ਵਿੱਚ 4-1 ਕਰ ਦਿੱਤਾ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਬੌਬ ਕੁਲਾਰ (ਐਮ ਡੀ ਕੁਲਾਰ ਗਰੁੱਪ) ਇੰਗਲੈਂਡ, ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡ ਜੇਤੂ ਹਾਕੀ ਕੋਚ, ਅਜੇ ਵਰਮਾਨੀ ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਚਰਨਜੀਤ ਸਿੰਘ ਚੰਨੀ (ਸੀਟੀ ਗਰੁੱਪ) ਅਤੇ ਨਿਤਿਨ ਕੋਹਲੀ ਪ੍ਰਧਾਨ ਹਾਕੀ ਪੰਜਾਬ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਹਰਿਬੁੱਧ ਸਿੰਘ ਬਾਵਾ, ਤਰਲੋਕ ਸਿੰਘ ਭੁੱਲਰ (ਕੈਨੇਡਾ) ਰਿਪੁਦਮਨ ਕੁਮਾਰ ਸਿੰਘ, ਉਲੰਪੀਅਨ ਗੁਰਮੇਲ ਸਿੰਘ, ਰਾਜਬੀਰ ਕੌਰ, ਰਣਬੀਰ ਸਿੰਘ ਟੁੱਟ, ਗੁਰਵਿੰਦਰ ਸਿੰਘ, ਗੁੰਦੀਪ ਸਿੰਘ ਕਪੂਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

27 ਅਕਤੂਬਰ ਦੇ ਮੈਚ

ਮਹਿਲਾ ਵਰਗ –

ਪੰਜਾਬ ਇਲੈਵਨ ਬਨਾਮ ਯੂਕੋ ਬੈਂਕ  —  2-30 ਵਜੇ

ਮਰਦ ਵਰਗ –

ਏਅਰ ਇੰਡੀਆ ਬਨਾਮ ਸੀਏਜੀ ਨਵੀਂ ਦਿੱਲੀ   – 4-15 ਵਜੇ
ਭਾਰਤ ਪੈਟਰੋਲੀਅਮ ਬਨਾਮ ਪੰਜਾਬ ਪੁਲਿਸ   – 6-00 ਵਜੇ

LEAVE A REPLY