34ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ

0
539

ਜਲੰਧਰ (ਰਮੇਸ਼ ਗਾਬਾ/ਕਰਨ) ਰੇਲ ਕੋਚ ਫੈਕਟਰੀ ਕਪੂਰਥਲਾ ਨੇ ਹਰਿਆਣਾ ਇਲੈਵਨ ਨੂੰ 4-0 ਦੇ ਫਰਕ ਨਾਲ ਹਰਾ ਕੇ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਮਹਿਲਾਵਾਂ ਦੇ ਵਰਗ ਵਿਚ ਜੇਤੂ ਸ਼ੁਰੂਆਤ ਕੀਤੀ | ਇਸ ਤੋਂ ਪਹਿਲਾਂ ਖੇਡੇ ਗਏ ਮੈਚ ਵਿਚ ਸੀ.ਆਰ.ਪੀ.ਐਫ਼. ਦਿੱਲੀ ਦੀ ਮਹਿਲਾਵਾਂ ਦੀ ਟੀਮ ਨੇ ਯੂਕੋ ਬੈਂਕ ਨੂੰ 3-1 ਦੇ ਫਰਕ ਨਾਲ ਹਰਾ ਕੇ ਜੇਤੂ ਮੁਹਿੰਮ ਸ਼ੁਰੂ ਕੀਤੀ | ਟੂਰਨਾਮੈਂਟ ਦਾ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕੀਤਾ | ਇਸ ਮੌਕੇ ਵਿਧਾਇਕ ਪਰਗਟ ਸਿੰਘ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ ਤੇ ਇੰਡੀਅਨ ਆਇਲ ਦੇ ਜਨਰਲ ਮੈਨੇਜਰ ਕਮਲ ਕੁੰਜ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਇਸ ਮੌਕੇ ਸੁਰਜੀਤ ਹਾਕੀ ਸੋਸਾਇਟੀ ਨੂੰ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ | ਉਦਘਾਟਨੀ ਸਮਾਰੋਹ ਵਿੱਚ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ | ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ | ਖੇਡ ਦੇ 21ਵੇਂ ਮਿੰਟ ਵਿੱਚ ਰੇਲ ਕੋਚ ਫੈਕਟਰੀ ਦੀ ਮਨਮੀਤ ਕੌਰ ਨੇ 2 ਗੋਲ ਕੀਤੇ | ਖੇਡ ਦੇ 65ਵੇਂ ਮਿੰਟ ਵਿਚ ਸ਼ਿਵਾਨੀ ਸਿੰਘ ਅਤੇ 67ਵੇਂ ਮਿੰਟ ਵਿਚ ਪਿ੍ਯੰਕਾ ਵਾਨਖੇੜੇ ਨੇ ਰੇਲ ਕੋਚ ਫੈਕਟਰੀ ਲਈ ਗੋਲ ਕਰਕੇ ਸਕੋਰ 4-0 ਕੀਤਾ | ਮਹਿਲਾਵਾਂ ਦੇ ਵਰਗ ਵਿਚ ਪੂਲ ਏ ਵਿਚ ਸੀ.ਆਰ.ਪੀ.ਐਫ਼. ਦਿੱਲੀ ਤੇ ਯੂਕੋ ਬੈਂਕ ਦੀਆਂ ਟੀਮਾਂ ਦਰਮਿਆਨ ਮੈਚ ਸੰਘਰਸ਼ਪੂਰਨ ਰਿਹਾ |
ਖੇਡ ਦੇ 33ਵੇਂ ਮਿੰਟ ਵਿਚ ਸੀ.ਆਰ.ਪੀ.ਐਫ਼ ਦੀ ਕੰਚਨ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿ੍ਹਆ | ਅੱਧੇ ਸਮੇਂ ਤੋਂ ਪਹਿਲਾਂ ਯੂਕੋ ਬੈਂਕ ਦੀ ਅੰਤਰਰਾਸ਼ਟਰੀ ਖਿਡਾਰਣ ਜਸਪ੍ਰੀਤ ਕੌਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਬਰਾਬਰੀ ਤੇ ਲੈ ਆਂਦਾ | ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ਤੇ ਸਨ |
ਖੇਡ ਦੇ ਦੂਜੇ ਅੱਧ ਵਿੱਚ 47ਵੇਂ ਮਿੰਟ ਵਿੱਚ ਸੀ.ਆਰ.ਪੀ.ਐਫ਼ ਦੀ ਕਪਤਾਨ ਪੂਜਾ ਯਾਦਵ ਨੂੰ ਯੂਕੋ ਬੈਂਕ ਦੀ ਰੱਖਿਅਕ ਜਸਪ੍ਰੀਤ ਕੌਰ ਨੇ ਬਿਲਕੁਲ ਗੋਲਾਂ ਦੇ ਸਾਹਮਣੇ ਗਲਤ ਤਰੀਕੇ ਨਾਲ ਰੋਕਿਆ ਜਿਸ ਕਰਕੇ ਰੈਫਰੀ ਨੇ ਸੀ.ਆਰ.ਪੀ.ਐਫ਼ ਦੇ ਹੱਕ ਵਿੱਚ ਪੈਨਲਟੀ ਸਟਰੋਕ ਦਿੱਤਾ ਜਿਸ ਨੂੰ ਸੀ.ਆਰ.ਪੀ.ਐਫ਼ ਦੀ ਪ੍ਰਗਿਆ ਮੋਰਿਆ ਨੇ ਗੋਲ ਵਿੱਚ ਬਦਲ ਕੇ ਸਕੋਰ 2-1 ਕੀਤਾ | ਖੇਡ ਦੇ 58ਵੇਂ ਮਿੰਟ ਵਿੱਚ ਸੀ.ਆਰ.ਪੀ.ਐਫ਼ ਦੀ ਪ੍ਰੀਸਿਲਾ ਟਿਰਕੀ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕਰਕੇ ਬੜਤ ਮਜ਼ਬੂਤ ਕੀਤੀ | ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ.ਟੀ ਗਰੁੱਪ, ਮਨਬੀਰ ਸਿੰਘ ਐਮ.ਡੀ., ਇਕਬਾਲ ਸਿੰਘ ਸੰਧੂ ਏ.ਡੀ.ਸੀ. ਲੁਧਿਆਣਾ, ਅਮਰੀਕ ਸਿੰਘ ਪਵਾਰ ਡੀ.ਸੀ.ਪੀ., ਲਖਵਿੰਦਰਪਾਲ ਸਿੰਘ ਖਹਿਰਾ ਐਸ.ਪੀ., ਰਾਮ ਪ੍ਰਤਾਪ, ਰਣਬੀਰ ਤੇ ਹੋਰ ਹਾਜ਼ਰ ਸਨ |

LEAVE A REPLY