ਲਾਇਲਪੁਰ ਖ਼ਾਲਸਾ ਕਾਲਜ ‘ਚ  ਤਿੰਨ ਰੋਜ਼ਾ ‘ਸਿਰਜਨਾਤਮਕ ਲੇਖਣੀ ਵਰਕਸ਼ਾਪ’ ਦਾ ਆਯੋਜਨ

0
355

ਜਲੰਧਰ (ਰਮੇਸ਼ ਗਾਬਾ) ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾਂ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਯੋਗ ਅਗਵਾਈ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਤਿੰਨ ਰੋਜ਼ਾ ‘ਸਿਰਜਨਾਤਮਕ ਲੇਖਣੀ ਵਰਕਸ਼ਾਪ’ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਹੋਈ, ਜਿਸ ਦੇ ਪਹਿਲੇ ਦਿਨ ਉੱਘੇ ਪੰਜਾਬੀ ਗਜ਼ਲਗੋ, ਵਿਦਵਾਨ ਤੇ ਗਜਲ ਅਲੋਚਕ ਡਾ. ਜਗਵਿੰਦਰ ਜੋਧਾ ਮੁਖ ਵਕਤਾ ਵਜੋਂ ਹਾਜ਼ਰ ਹੋਏ, ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਵਿਭਾਗ ਮੁਖੀ ਪ੍ਰੋ. ਗੋਪਾਲ ਬੁੱਟਰ ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਸੁਰਿੰਦਰ ਮੰਡ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਬੁੱਟਰ ਨੇ ਪੰਜਾਬੀ ਵਿਭਾਗ ਦੀਅ ਗਤੀਵਿਧੀਆਂ ਅਤੇ ਵਿਭਾਗ ਦੇ ਮਾਣਮਤੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ। ਵਰਕਸ਼ਾਪ ਦੇ ਆਰੰਭ ਵਿਚ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਸੁਰਿੰਦਰ ਮੰਡ ਨੇ ਇਸ ਵਰਕਸ਼ਾਪ ਦੀ ਰੂਪਰੇਖਾ ਦਸਦਿਆਂ ਕਿਹਾ ਕਿ ਇਹ ਸਿਰਜਨਾਤਮਕ ਲੇਖਣੀ ਵਰਕਸ਼ਾਪ ਤਿੰਨ ਦਿਨ 10-11-12 ਅਕਤੂਬਰ ਨੂੰ ਹੋ ਰਹੀ ਹੈ ਅਤੇ ਹਰੇਕ ਦਿਨ 2 ਸੈਸ਼ਨ ਹੋਣਗੇ ਪਹਿਲਾਂ ਟੈਕਨੀਕਲ ਸੈਸ਼ਨ ਤੇ ਦੂਜਾ ਪ੍ਰੈਕਟੀਕਲ ਸ਼ੈਸ਼ਨ। ਇਹ ਵਰਕਸ਼ਾਪ ਵਿਦਿਆਰਥੀਆਂ ਵਿਚ ਸਾਹਿਤ ਲਿਖਣ ਦੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਾਹਿਤ ਪੜ੍ਹਨ ਦੀ ਸਮਝ ਸਿਖਾਉਣ ਦੇ ਮਕਸਦ ਨਾਲ ਕਰਾਈ ਜਾ ਰਹੀ ਹੈ। ਡਾ. ਜਗਵਿੰਦਰ ਜੋਧਾ ਨੇ ਵਿਦਿਆਰਥੀਆਂ ਨੂੰ ਸਾਹਿਤ ਸਿਰਜਨ ਪ੍ਰਕਿਰਿਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਦੇ ਲਾਭ ਦਸਦਿਆਂ ਕਿਹਾ ਕਿ ਸਾਹਿਤ ਵਿਅਕਤੀ ਦੇ ਸੰਪੂਰਨ ਵਿਕਾਸ ਵਿਚ ਵੱਡਾ ਰੋਲ ਅਦਾ ਕਰਦਾ ਹੈ ਤੇ ਉਸਦੀ ਸ਼ਖਸੀਅਤ ਨੂੰ ਹੋਰ ਨਿਖਾਰਦਾ ਵੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੋਲਦਿਆ ਕਿਹਾ ਕਿ ਇਸ ਕਿਸਮ ਦੀ ਵਰਕਸ਼ਾਪ ਲਗਾਉਣਾ ਲਾਇਲਪੁਰ ਖ਼ਾਲਸਾ ਕਾਲਜ ਦੁਆਰਾ ਕੀਤਾ ਜਾ ਰਿਹਾ ਨਿਵੇਕਲਾ ਉਪਰਾਲਾ ਹੈ, ਅਜੋਕੇ ਸੋਸ਼ਲ ਮੀਡੀਆ ਦੇ ਯੁੱਗ ਵਿਚ ਸਾਹਿਤ ਅਤੇ ਪੁਸਤਕ ਤੋਂ ਦੂਰ ਹੋ ਰਹੇ ਯੂਵਕਾਂ ਨੂੰ ਇਸ ਨਾਲ ਜੋੜਨ ਦਾ ਸਾਰਥਕ ਯਤਨ ਹੈ। ਅੰਤ ਵਿਚ ਮੁਖ ਵਕਤਾ ਡਾ. ਜਗਵਿੰਦਰ ਜੋਧਾ ਤੇ ਹੋਰ ਵਿਭਾਗ ਦੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਡਾ. ਸੁਖਵੀਰ ਸਿੰਘ ਨੇ ਕੀਤਾ। ਸਟੇਜ ਦੀ ਕਾਰਵਾਈ ਡਾ. ਪਰਦੀਪ ਵਲੋਂ ਬਾਖੂਬੀ ਨਿਭਾਈ ਗਈ।।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

LEAVE A REPLY