ਸਿਟੀ ਰੇਲਵੇ ਸਟੇਸ਼ਨ ਤੋਂ 6 ਦਿਨਾਂ ਦਾ ਨਵਜੰਮਿਆ ਬੱਚਾ ਕਿਡਨੈਪ

0
608
ਜਲੰਧਰ, (ਟੀਐਲਟੀ ਨਿਊਜ਼)— ਸਿਟੀ ਰੇਲਵੇ ਸਟੇਸ਼ਨ ‘ਤੇ ਸੋਮਵਾਰ ਸਵੇਰੇ ਕਰੀਬ 5 ਵਜੇ 6 ਦਿਨਾਂ ਦਾ ਨਵਜਨਮਿਆ ਬੱਚਾ ਲਾਪਤਾ ਹੋ ਗਿਆ। ਬੱਚੇ ਦੇ ਮਾਤਾ-ਪਿਤਾ ਮੁਤਾਬਕ ਉਨ੍ਹਾਂ ਦੇ ਬੱਚੇ ਨੂੰ ਕਿਸੇ ਨੇ ਕਿਡਨੈਪ ਕਰ ਲਿਆ। ਜਾਣਕਾਰੀ ਮੁਤਾਬਕ ਰਾਏਬਰੇਲੀ ਦੇ ਖਜ਼ੂਰ ਪਿੰਡ ਦਾ ਰਹਿਣ ਵਾਲਾ ਪ੍ਰਵਾਸੀ ਕਿਸ਼ਨ ਲਾਲ ਪੁੱਤਰ ਰਾਜੇਸ਼ ਕੁਮਾਰ ਆਪਣੀ ਪਤਨੀ ਪੂਨਮ ਤੇ ਤਿੰਨ ਬੱਚਿਆਂ ਦੇ ਨਾਲ (ਜਿਨ੍ਹਾਂ ਵਿਚੋਂ ਇਕ ਬੱਚਾ 4 ਸਾਲ, ਇਕ 3 ਸਾਲ ਤੇ ਤੀਜਾ ਬੱਚਾ 6 ਦਿਨਾਂ ਦਾ ਸੀ) ਕਟਿਹਾਰ ਐਕਸਪ੍ਰੈੱਸ ਰਾਹੀਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੇ।
ਜਾਣਕਾਰੀ ਮੁਤਾਬਕ ਟਰੇਨ ਲੇਟ ਸੀ ਤੇ ਸਵੇਰੇ 3 ਵਜੇ ਪਹੁੰਚੀ। ਉਨ੍ਹਾਂ ਮਕਸੂਦਾਂ ਮੰਡੀ ਜਾਣਾ ਸੀ। ਹਨੇਰਾ ਹੋਣ ਕਾਰਨ ਉਹ ਸਟੇਸ਼ਨ ਪਲੇਟਫਾਰਮ ਨੰਬਰ 2 ‘ਤੇ ਰੁਕ ਗਏ। ਸਵੇਰੇ ਕਰੀਬ 5 ਵਜੇ ਕਿਸ਼ਨ ਲਾਲ ਆਪਣੇ ਦੋਵਾਂ ਵੱਡੇ ਬੇਟਿਆਂ ਨੂੰ ਨਵਜਨਮਿਆ ਬੱਚਾ ਫੜਾ ਕੇ ਆਪਣੀ ਪਤਨੀ ਪੂਨਮ ਨੂੰ ਪਲੇਟਫਾਰਮ ਦੀ ਦੂਜੀ ਸਾਈਡ ਰੇਲ ਲਾਈਨਾਂ ਵਿਚ ਬਾਥਰੂਮ ਕਰਵਾਉਣ ਲੈ ਗਿਆ। ਕਿਸ਼ਨ ਲਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਜਦੋਂ ਉਹ ਕੁਝ ਮਿੰਟਾਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਦਾ ਬੱਚਾ ਗਾਇਬ ਸੀ। ਉਸਨੇ ਕਿਹਾ ਕਿ ਮੌਕੇ ‘ਤੇ ਖੜ੍ਹੀ ਇਕ ਲੜਕੀ ਨੇ ਕਿਹਾ ਕਿ ਇਕ ਸਰਦਾਰ ਵਿਅਕਤੀ ਬੱਚੇ ਨੂੰ ਚੁੱਕ ਕੇ ਭੱਜ ਗਿਆ। ਉਸਨੇ ਕਿਹਾ ਕਿ ਲੜਕੀ ਨੇ ਜਿਸ ਪਾਸੇ ਦੱਸਿਆ, ਉਹ ਓਧਰ ਭੱਜੇ ਪਰ ਹਨੇਰਾ ਹੋਣ ਕਾਰਨ ਉਨ੍ਹਾਂ ਨੂੰ ਕੁਝ ਨਜ਼ਰ ਨਹੀਂ ਆਇਆ ਤੇ ਕਾਫੀ ਲੱਭਣ ਤੋਂ ਬਾਅਦ ਵੀ ਉਨ੍ਹਾਂ ਨੂੰ ਬੱਚਾ ਨਹੀਂ ਮਿਲਿਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਬੇਹੋਸ਼ ਹੋ ਗਈ ਤੇ ਉਹ ਉਸਨੂੰ ਸੰਭਾਲਣ ਵਿਚ ਲੱਗਾ ਰਿਹਾ।
ਕਰੀਬ 12 ਵਜੇ ਇਕ ਸਫਾਈ ਕਰਮਚਾਰੀ ਨੇ ਡਿਪਟੀ ਐੱਸ. ਐੱਸ. ਨਰੇਸ਼ ਕੁਮਾਰ ਨੂੰ ਦੱਸਿਆ ਕਿ ਪਲੇਟਫਾਰਮ ਨੰਬਰ 2 ‘ਤੇ ਇਕ ਔਰਤ ਦੀ ਤਬੀਅਤ ਖਰਾਬ ਹੈ, ਉਨ੍ਹਾਂ ਨੇ ਤੁਰੰਤ 108 ਐਂਬੂਲੈਂਸ ਨੂੰ ਸੂਚਨਾ ਦਿੱਤੀ ਤੇ  ਜੀ. ਆਰ. ਪੀ. ਨੂੰ ਮੀਮੋ ਜਾਰੀ ਕੀਤਾ। ਕੁਝ ਹੀ ਮਿੰਟਾਂ ਵਿਚ 108 ਐਂਬੂਲੈਂਸ ਦੇ ਪਾਇਲਟ ਕਰਤਾਰ ਸਿੰਘ ਤੇ ਈ. ਐੱਮ. ਟੀ. ਹਰਵਿੰਦਰ ਸਿੰਘ ਸਿਟੀ ਰੇਲਵੇ ਸਟੇਸ਼ਨ ਪਹੁੰਚੇ ਤੇ ਔਰਤ ਨੂੰ ਲਿਜਾ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਤੋਂ ਬਾਅਦ ਜੀ. ਆਰ. ਪੀ. ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ, ਸਬ-ਇੰਸ. ਮੁਝੈਲ ਰਾਮ ਨੇ ਪੁਲਸ ਮੁਲਾਜ਼ਮਾਂ ਨਾਲ ਸਿਵਲ ਹਸਪਤਾਲ ਪਹੁੰਚ ਕੇ ਪੁੱਛਗਿੱਛ ਕੀਤੀ।
ਔਰਤ ਦੇ ਪਤੀ ਕਿਸ਼ਨ ਲਾਲ ਨੇ ਪੁਲਸ ਨੂੰ ਸਿਟੀ ਸਟੇਸ਼ਨ ਤੋਂ ਉਨ੍ਹਾਂ ਦਾ ਬੱਚਾ ਕਿਡਨੈਪ ਹੋਣ ਦੀ ਜਾਣਕਾਰੀ ਦਿੱਤੀ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ 19 ਅਗਸਤ ਨੂੰ ਰਾਏਬਰੇਲੀ ਸਥਿਤ ਸਿਵਲ ਹਸਪਤਾਲ ਵਿਚ ਬੱਚੇ ਦਾ ਜਨਮ ਹੋਇਆ ਸੀ। ਕਿਸ਼ਨ ਲਾਲ ਦੋ ਦਿਨ ਬਾਅਦ ਉਥੋਂ ਆਪਣੇ ਨਵਜਨਮੇ ਬੱਚੇ, ਪਤਨੀ ਤੇ ਆਪਣੇ ਦੋ ਵੱਡੇ ਬੱਚਿਆਂ ਨੂੰ ਲੈ ਕੇ ਕਟਿਹਾਰ ਐਕਸਪ੍ਰੈੱਸ ਰਾਹੀਂ ਜਲੰਧਰ ਆ ਗਿਆ। ਰੰਧਾਵਾ ਨੇ ਦੱਸਿਆ ਕਿ ਕਿਸ਼ਨ ਲਾਲ ਨੇ ਕਿਹਾ ਕਿ ਸਿਟੀ ਸਟੇਸ਼ਨ ‘ਤੇ ਕਿਸੇ ਨੇ ਉਸਦਾ 6 ਦਿਨਾਂ ਦਾ ਬੱਚਾ ਕਿਡਨੈਪ ਕਰ ਲਿਆ। ਉਨ੍ਹਾਂ ਕਿਹਾ ਕਿ ਬੱਚੇ ਦੇ ਪਿਤਾ ਕਿਸ਼ਨ ਲਾਲ ਦੇ ਬਿਆਨਾਂ ‘ਤੇ ਧਾਰਾ 363 ਆਈ. ਪੀ. ਸੀ. ਦੇ ਅਧੀਨ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਟੇਸ਼ਨ ‘ਤੇ ਬੱਚਿਆਂ ਨੂੰ ਅਗਵਾ ਕਰਨ ਵਾਲਾ ਗਿਰੋਹ ਸਰਗਰਮ- ਸਿਟੀ ਰੇਲਵੇ ਸਟੇਸ਼ਨ ‘ਤੇ ਜਿਸ ਤਰ੍ਹਾਂ ਸ਼ਰੇਆਮ ਪਬਲਿਕ ਪਲੇਸ ਤੋਂ ਨਵਜਨਮਿਆ ਅਗਵਾ ਹੋਇਆ ਹੈ, ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਿਟੀ ਰੇਲਵੇ ਸਟੇਸ਼ਨ ‘ਤੇ ਬੱਚੇ ਅਗਵਾ ਕਰਨ ਵਾਲਾ ਗਿਰੋਹ ਸਰਗਰਮ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਟੇਸ਼ਨ ‘ਤੇ ਹਰ ਸਮੇਂ ਜੀ. ਆਰ. ਪੀ. ਦਾ ਇਕ ਥਾਣੇਦਾਰ ਤੇ ਹੋਰ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਆਰ. ਪੀ. ਐੱਫ. ਦੇ ਕਰਮਚਾਰੀ ਵੀ ਡਿਊਟੀ ‘ਤੇ ਹੁੰਦੇ ਹਨ ਪਰ ਫਿਰ ਵੀ ਕਿਡਨੈਪਿੰਗ ਦੀ ਘਟਨਾ ਨੇ ਸਟੇਸ਼ਨ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।

LEAVE A REPLY