ਮੋਦੀ ਦੇ ਦਾਅਵਿਆਂ ਦੀ ਨਿਕਲਕੀ ਫੂਕ, ਭਾਰਤ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼

0
469

ਨਵੀਂ ਦਿੱਲੀ: ਬੇਸ਼ੱਕ ਭਾਰਤ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਘਟਾਉਣ ਲਈ ਕਈ ਦਾਅਵੇ ਤੇ ਨੋਟਬੰਦੀ ਵਰਗੇ ਅਜੀਬੋ-ਗਰੀਬ ਐਕਸਪੈਰੀਮੈਂਟ ਕਰਕੇ ਦੇਸ਼ ਦੇ ਭ੍ਰਿਸ਼ਟਾਚਾਰ ਮੁਕਤ ਹੋ ਜਾਣ ਦਾ ਹੋਕਾ ਦਿੱਤਾ ਜਾ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਸਿਆਸਤਦਾਨਾਂ ਦੇ ਹਵਾਈ ਕਿਲ੍ਹਿਆਂ ਦੇ ਉਲਟ ਤੱਥਾਂ ਦੇ ਆਧਾਰ ‘ਤੇ ਜਦੋਂ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਪਤਾ ਲੱਗਦਾ ਹੈ ਕਿ ਭਾਰਤ ਤਾਂ ਏਸ਼ੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ ਬਣ ਗਿਆ ਹੈ। ਫ਼ੋਰਬਸ ਵਿੱਚ ਛਪੇ ਲੇਖ ਵਿੱਚ ਛਾਪੀ ਸੂਚੀ ਵਿੱਚ ਇਹ ਦਰਸਾਇਆ ਗਿਆ ਹੈ ਕਿ ਭਾਰਤ ਵਿੱਚ ਰਿਸ਼ਵਤਖੋਰੀ ਦਰ 69% ਹੋਣ ਨਾਲ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਮੁਲਕ ਦਰਸਾਇਆ ਗਿਆ ਹੈ। ਇੱਕ ਸਰਵੇਖਣ ਮੁਤਾਬਕ ਜਨਤਕ ਸੇਵਾਵਾਂ ਜਿਵੇਂ ਕਿ ਸਕੂਲ, ਹਸਪਤਾਲ, ਦਸਤਾਵੇਜ਼ਾਂ, ਪੁਲਿਸ ਆਦਿ ਸਬੰਧਤ ਕੰਮ ਕਰਵਾਉਣ ਲਈ ਅੱਧ ਤੋਂ ਜ਼ਿਆਦਾ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਹਾਲਾਂਕਿ ਲੇਖ ਵਿੱਚ ਪ੍ਰਧਾਨ ਮੰਤਰੀ ਦੇ ਸੋਹਲੇ ਗਾਏ ਗਏ ਹਨ ਪਰ ਉਨ੍ਹਾਂ ਦਾ ਆਧਾਰ ਯਕੀਨੀ ਤੌਰ ‘ਤੇ ਇਹ ਅੰਕੜੇ ਨਹੀਂ ਹੋ ਸਕਦੇ। ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਰਿਸ਼ਵਤ ਦਰ 40 ਫ਼ੀਸਦ ਦਰਜ ਕੀਤੀ ਗਈ ਹੈ। ਸਰਵੇਖਣ ਵਿੱਚ ਸ਼ਾਮਿਲ 75% ਲੋਕਾਂ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਦੀ ਪੁਲਿਸ ਭ੍ਰਿਸ਼ਟ ਹੈ। ਬਰਲਿਨ ਵਿੱਚ ਸਥਾਪਤ ਭ੍ਰਿਸ਼ਟਾਚਾਰ ਮਾਪਣ ਵਾਲੀ ਇੱਕ ਸੰਸਥਾ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ (ਟੀ.ਆਈ.) ਵੱਲੋਂ 18 ਮਹੀਨੇ ਦੇ ਲੰਮੇ ਸਮੇਂ ਦੌਰਾਨ ਇੱਕ ਸਰਵੇਖਣ ਕਰਵਾਇਆ ਗਿਆ। ਇਸ ਦੇ ਨਤੀਜਿਆਂ ਵਿੱਚ ਟੀ.ਆਈ. ਨੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ 168 ਦੇਸ਼ਾਂ ‘ਚੋਂ 76ਵਾਂ ਸਥਾਨ ਦਿੱਤਾ ਹੈ। ਸਰਵੇਖਣ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤੀਆਂ ਨੂੰ ਆਪਣੇ ਬੱਚੇ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਤੇ ਆਪਣੇ ਇਲਾਜ ਲਈ ਪੂਰੀ ਦੁਨੀਆ ਵਿੱਚੋਂ ਸਭ ਤੋਂ ਵੱਧ ਰਿਸ਼ਵਤ ਦੇਣੀ ਪੈਂਦੀ ਹੈ। ਅੰਕੜਿਆਂ ਦੇ ਨਾਲ ਹੀ ਇਹ ਵੀ ਕਿਹਾ ਹੈ ਭਾਰਤ ਦੀ ਮੌਜੂਦਾ ਸਰਕਾਰ ਭਾਵੇਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਵਾਲੇ ਉਦੇਸ਼ ਦੀ ਪੂਰਤੀ ਲਈ ਬਹੁਤ ਕੰਮ ਕਰਨਾ ਪੈਣਾ ਹੈ।

LEAVE A REPLY