ਇਸ ਹਫਤੇ ਬੱਚੇ ਨੂੰ ਜਨਮ ਦੇਵੇਗੀ 10 ਸਾਲਾ ‘ਮਾਸੂਮ ਗਰਭਵਤੀ’, ਡਾਕਟਰਾਂ ਦੀ ਟੀਮ ਨੇ ਕੀਤੀ ਤਿਆਰੀ

0
813

ਚੰਡੀਗੜ੍ਹ (ਟੀਐਲਟੀ ਨਿਊਜ਼) ਆਪਣੇ ਮਾਮੇ ਦੀਆਂ ਕਰਤੂਤਾਂ ਕਾਰਨ 10 ਸਾਲ ਦੀ ਉਮਰ ਵਿਚ ਗਰਭਵਤੀ ਹੋਣ ਵਾਲੀ ਕੁੜੀ ਹੁਣ 35 ਹਫਤਿਆਂ ਦੀ ਗਰਭਵਤੀ ਹੈ। ਬੀਤੇ ਹਫਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਕੇ ਡਿਲੀਵਰੀ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਹੀ ਉਹ ਬੱਚੇ ਨੂੰ ਜਨਮ ਦੇ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਬੱਚੀ ਦੀ ਸੀ-ਸੈਕਸ਼ਨ ਸਰਜਰੀ ਕਰਨਗੇ ਕਿਉਂਕਿ ਉਸ ਦੀਆਂ ਹੱਡੀਆਂ ਇੰਨੀਆਂ ਮਜ਼ਬੂਤ ਨਹੀਂ ਹਨ ਕਿ ਉਹ ਬੱਚੇ ਨੂੰ ਬਾਹਰ ਧੱਕ ਸਕੇ ਅਤੇ ਨਾ ਹੀ ਉਹ ਇਸ ਉਮਰ ਵਿਚ ਜਣੇਪੇ ਦੀ ਦਰਦ ਸਹਾਰ ਸਕਦੀ ਹੈ। ਫਿਲਹਾਲ ਜਿਵੇਂ-ਜਿਵੇਂ ਉਸ ਦੇ ਡਿਲੀਵਰੀ ਦੇ ਦਿਨ ਨੇੜੇ ਆ ਰਹੇ ਹਨ, ਬੱਚੀ ਦਾ ਬਲੱਡ ਪਰੈਸ਼ਰ ਵੀ ਹਾਈ ਹੁੰਦਾ ਜਾ ਰਿਹਾ ਹੈ ਪਰ ਡਾਕਟਰਾਂ ਨੇ ਉਸ ਨੂੰ ਕੰਟਰੋਲ ਕਰ ਲਿਆ ਹੈ। ਇਕ-ਦੋ ਦਿਨਾਂ ਵਿਚ ਹੀ ਗਰਭਵਤੀ ਬੱਚੀ ਬੱਚੇ ਨੂੰ ਜਨਮ ਦੇ ਸਕਦੀ ਹੈ। ਡਾਕਟਰ ਇਸ ਤੋਂ ਪਹਿਲਾਂ ਹੀ ਉਸ ਦੀ ਡਿਲੀਵਰੀ ਕਰਨਾ ਚਾਹੁੰਦੇ ਸਨ ਪਰ ਬਲੱਡ ਪ੍ਰੈਸ਼ਰ ਦੇ ਵਧਣ ਕਾਰਨ ਅਜਿਹਾ ਨਹੀਂ ਕੀਤਾ ਜਾ ਸਕਿਆ। ਮੈਡੀਕਲ ਕਾਲਜ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਏ. ਕੇ. ਜਨਮੇਜਾ ਨੇ ਕਿਹਾ ਕਿ ਬੱਚੀ ਪੂਰੀ ਤਰ੍ਹਾਂ ਠੀਕ ਹੈ। ਇੱਥੇ ਦੱਸ ਦੇਈਏ ਕਿ 10 ਸਾਲਾ ਬੱਚੀ ਦਾ ਉਸ ਦੇ ਮਾਮੇ ਵੱਲੋਂ ਹੀ ਲਗਾਤਾਰ ਕਈ ਮਹੀਨਿਆਂ ਤੱਕ ਬਲਾਤਕਾਰ ਕੀਤਾ ਗਿਆ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੱਚੀ ਨੂੰ ਢਿੱਡ ਵਿਚ ਦਰਦ ਹੋਣ ਦੀ ਸ਼ਿਕਾਇਤ ‘ਤੇ ਹਸਪਤਾਲ ਲਿਜਾਇਆ ਗਿਆ। ਬੱਚੀ ਉਸ ਸਮੇਂ 30 ਹਫਤਿਆਂ ਦੀ ਗਰਭਵਤੀ ਸੀ, ਜਿਸ ਕਰਕੇ ਉਸ ਦਾ ਗਰਭਪਾਤ ਵੀ ਨਹੀਂ ਕੀਤਾ ਜਾ ਸਕਦਾ ਸੀ, ਕਿਉਂਕਿ ਇਸ ਨਾਲ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਇਸ ਲਈ ਡਾਕਟਰਾਂ ਨੇ ਬੱਚੀ ਦੀ ਡਿਲੀਵਰੀ ਕਰਵਾਉਣ ਦਾ ਫੈਸਲਾ ਕੀਤਾ।

LEAVE A REPLY