ਪਿਮਸ ‘ਚ ਪੈ ਰਹੀਅਾਂ ਸੀ.ਟੀ. ਸਕੈਨ ਦੀਅਾਂ ਜਾਅਲੀ ਅੈਂਟਰੀਅਾਂ-ਸੂਤਰ

0
255

ਜਲੰਧਰ, 9 ਅਗਸਤ (ਰਮੇਸ਼ ਗਾਬਾ) ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਸ) ਗੜ੍ਹਾ ਰੋਡ ਜਲੰਧਰ ਦਾ ਆਪਣੀ ਸ਼ੁਰੂਆਤ ਤੋਂ ਹੀ ਵਿਵਾਦਾਂ ਦੇ ਨਾਲ ਸਾਥ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਕਾਰਨ ਇਥੇ ਕੋਈ ਨਾ ਕੋਈ ਵਿਵਾਦ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਕਲ ਮੰਗਲਵਾਰ ਨੂੰ ਇਕ ਗੰਭੀਰ ਮਾਮਲਾ ਸਾਹਮਣੇ ਆਇਆ, ਜਿਸ ਤੋਂ ਇਹ ਗੱਲ ਸਾਫ ਹੋ ਗਈ ਕਿ ਪਿਮਸ ਦੇ ਅੰਦਰ ਸਭ ਕੁਝ ਸਹੀ ਨਹੀਂ ਹੈ। ਇਸ ਮਾਮਲੇ ਨੂੰ ਸੀ. ਟੀ. ਸਕੈਨ ਘਪਲਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਫਰਜ਼ੀਵਾੜਾ ਕਰਦਿਆਂ ਗਲਤ ਮਰੀਜ਼ਾਂ ਦੀ ਸੂਚੀ ਬਣਾ ਕੇ ਸੀ. ਟੀ. ਸਕੈਨ ਦੀਆਂ ਜਾਅਲੀ ਅੈਂਟਰੀਆਂ ਪਾਉਣ ਦੀ ਗੱਲ ਸਾਹਮਣੇ ਆਈ ਹੈ।
ਸੂਤਰਾਂ ਦੀ ਮੰਨੀਏ ਤਾਂ ਪਿਮਸ ਦੇ ਅੰਦਰ ਸੀ. ਟੀ. ਸਕੈਨ ਮਸ਼ੀਨ ਪਿਛਲੇ ਇਕ ਸਾਲ ਤੋਂ ਖਰਾਬ ਪਈ ਹੋਈ ਹੈ। ਇਹ ਮਸ਼ੀਨ ਫੋਰਟਿਸ ਐਸਕਾਰਟ ਅੰਮ੍ਰਿਤਸਰ ਤੋਂ 2016 ਵਿਚ ਐੱਮ. ਸੀ. ਆਈ. (ਮੈਡੀਕਲ ਕੌਂਸਲ ਆਫ ਇੰਡੀਆ) ਦੀ ਇੰਸਪੈਕਸ਼ਨ ਕਲੀਅਰ ਕਰਵਾਉਣ ਲਈ ਲਿਆਂਦੀ ਗਈ ਸੀ। ਇਹ ਸੀ. ਟੀ. ਸਕੈਨ ਮਸ਼ੀਨ ਸਿਰਫ ਇਕ ਮਹੀਨਾ ਹੀ ਚੱਲੀ ਤੇ ਉਸ ਤੋਂ ਬਾਅਦ ਅੱਜ ਤੱਕ ਇਹ ਮਸ਼ੀਨ ਖਰਾਬ ਪਈ ਹੋਈ ਹੈ। ਪਿਮਸ ਵਿਚ ਚੈਕਿੰਗ ਲਈ ਆਉਣ ਵਾਲਿਆਂ ਤੇ ਇਥੇ ਦਾਖਲ ਮਰੀਜ਼ਾਂ ਨੂੰ ਸੀ. ਟੀ. ਸਕੈਨ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਹੈ।  ਐੱਸ. ਸੀ. ਆਈ. ਤੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਕਿਉਂਕਿ ਨਿਯਮਾਂ ਨੂੰ ਪੂਰਾ ਕਰਨ ਲਈ ਇਕ ਸਾਲ ਤੋਂ ਸੀ. ਟੀ. ਸਕੈਨ ਦੀਆਂ ਜਾਅਲੀ ਅੈਂਟਰੀਆਂ ਪਾ ਕੇ ਪੂਰਾ ਰਿਕਾਰਡ ਮੇਨਟੇਨ ਕੀਤਾ ਜਾ ਰਿਹਾ ਹੈ। ਐਕਸਰੇ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦਾ ਐੱਮ. ਆਰ. ਡੀ. ਨੰਬਰ, ਉਸ ਦਾ ਪਤਾ ਆਦਿ ਲਿਖ ਕੇ ਸੀ. ਟੀ. ਸਕੈਨ ਦਾ ਝੂਠਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ। ਇਹੀ ਝੂਠਾ ਰਿਕਾਰਡ ਹਰ ਮਹੀਨੇ ਐੱਮ. ਸੀ. ਆਈ. ਨੂੰ ਭੇਜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਕਈ ਮਰੀਜ਼ਾਂ ਦੀ ਸੀ. ਟੀ. ਸਕੈਨ ਲਿਖੀ ਹੀ ਨਹੀਂ ਹੁੰਦੀ। ਫਿਰ ਵੀ ਉਨ੍ਹਾਂ ਦੀ ਪੂਰੀ ਡਿਟੇਲ ਸੀ. ਟੀ. ਸਕੈਨ ਰਜਿਸਟਰ ਦੇ ਉਪਰ ਲਿਖ ਕੇ ਡਾਟਾ ਪੂਰਾ ਕੀਤਾ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਰਿਕਾਰਡ ਲਗਭਗ ਇਕ ਸਾਲ ਤੋਂ ਤਿਆਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਸੀ. ਟੀ. ਸਕੈਨ ਦੇ ਰਿਕਾਰਡ ਰਜਿਸਟਰ ਨੂੰ ਪੂਰਾ ਕਰਨ ਲਈ ਕੱਚੇ ਬਿੱਲ ਵੀ ਕੱਟੇ ਜਾਂਦੇ ਹਨ ਤਾਂ ਜੋ ਰਿਕਾਰਡ ਪੂਰਾ ਰਹੇ। ਸੀ. ਟੀ. ਸਕੈਨ ਦੀ ਕੋਈ ਵੀ ਰਿਪੋਰਟ ਤਿਆਰ ਨਹੀਂ ਹੁੰਦੀ ਕਿਉਂਕਿ ਸੀ. ਟੀ. ਸਕੈਨ ਬੰਦ ਪਈ ਹੈ। ਸਿਰਫ ਰਜਿਸਟਰ ਦੇ ਉਪਰ ਸੀ. ਟੀ. ਸਕੈਨ ਮਸ਼ੀਨ ਦੀ ਮਰੀਜ਼ ਦੀ ਡਿਟੇਲ ਪਾਈ ਜਾਂਦੀ ਹੈ ਤਾਂ ਜੋ ਐੱਮ. ਸੀ. ਆਈ. ਤੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਰਿਪੋਰਟ ਭੇਜੀ ਜਾ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਸੀ. ਟੀ. ਸਕੈਨ ਮਸ਼ੀਨ ਦੀ ਈ. ਐੱਮ. ਆਈ. (ਕਿਸ਼ਤਾਂ) ਤੇ ਸਰਵਿਸ ਦੇ ਪੈਸੇ ਨਾ ਦੇਣ ਕਾਰਨ ਕੰਪਨੀ ਵਾਲੇ ਇਸ ਦੀ ਸਰਵਿਸ ਲਈ ਨਹੀਂ ਆ ਰਹੇ। ਸੂਤਰਾਂ ਦੀ ਮੰਨੀਏ ਤਾਂ ਸਿਰਫ ਸੀ. ਟੀ. ਸਕੈਨ ਹੀ ਨਹੀਂ, ਸਗੋਂ ਕੁਝ ਹੋਰ ਮਸ਼ੀਨਾਂ ਵੀ ਪਿਮਸ ਵਿਚ ਖਰਾਬ ਪਈਆਂ ਹਨ ਤੇ ਪਿਮਸ ਮੈਨੇਜਮੈਂਟ ਜਾਣਬੁਝ ਕੇ ਇਨ੍ਹਾਂ ਨੂੰ ਠੀਕ ਨਹੀਂ ਕਰਵਾ ਰਿਹਾ।

LEAVE A REPLY