ਕੋਝੀਆਂ ਹਰਕਤਾਂ ਕਰ ਰਹੇ ਮੁੰਡੇ ਦਾ ਦਲੇਰ ਕੁਡ਼ੀਆਂ ਨੇ ਉਤਾਰਿਆ ਆਸ਼ਕੀ ਦਾ ਭੂਤ, ਅੰਤ ਪੈ ਗਿਆ ਪੈਰੀਂ

0
606

ਤਲਵੰਡੀ ਭਾਈ (ਟੀਐਲਟੀ ਨਿਊਜ਼)  ਸੋਮਵਾਰ ਨੂੰ ਇੱਥੋਂ ਥੋਡ਼੍ਹੀ ਦੂਰ ਪੈਂਦੇ ਪਿੰਡ ਝੰਡੇਆਣੇ ਦੇ ਅੱਡੇ ‘ਤੇ ਬੱਸ ਦੀ ਉਡੀਕ ਕਰ ਰਹੀਆਂ ਦੋ ਮੁਟਿਆਰਾਂ ਨੇ ਉਸ ਸਮੇਂ ਭੂੰਡ ਆਸ਼ਕ ਨੂੰ ਭਾਜਡ਼ਾਂ ਪਾ ਦਿੱਤੀਆਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਭੂੰਡ ਆਸ਼ਕ ਆਪਣੇ ਮੋਬਾਇਲ ਦੀ ਮਦਦ ਨਾਲ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ। ਹੋਇਆ ਇੰਝ ਕਿ ਆਪਣੇ ਪਿੰਡ ਜਾਣ ਵਾਲੀ ਬੱਸ ਦੀ ਉਡੀਕ ‘ਚ ਖਡ਼ੀਆਂ ਦੋ ਕੁਡ਼ੀਆਂ ਨਾਲ ਇਹ ਨੌਜਵਾਨ ਆਪਣੇ ਵੱਡੀ ਸਕਰੀਨ ਵਾਲੇ ਮੋਬਾਇਲ ਨਾਲ ਮੂਵੀ ਬਣਾਉਣ ਸਮੇਤ ਤਸਵੀਰਾਂ ਖਿੱਚਣ ਵਰਗੀਆਂ ਕੋਝੀਆਂ ਹਰਕਤਾਂ ਕਰਦਾ ਨਜ਼ਰ ਆਇਆ ਤਾਂ ਕੁਡ਼ੀਆਂ ਨੇ ਕੋਲ ਜਾ ਕੇ ਇਤਰਾਜ਼ ਕਰਦਿਆਂ ਜਦੋਂ ਪੁੱਛਿਆ ਤਾਂ ਭੂੰਡ ਆਸ਼ਕ ਕਹਿਣ ਲੱਗਾ ਕਿ ਮੈਂ ਤਾਂ ਆਉਂਦੀਆਂ ਜਾਂਦੀਆਂ ਬੱਸਾਂ ਦੀ ਮੂਵੀ ਬਣਾ ਰਿਹਾ ਹਾਂ ਪਰ ਹਿੰਮਤੀ ਕੁਡ਼ੀਆਂ ਨੇ ਜਦੋਂ ਉਸ ਨੂੰ ਗਲੇ ਤੋਂ ਫਡ਼ ਕੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਉਸ ਵਿਚ ਖਿਚੀਆਂ ਤਸਵੀਰਾਂ ਨੂੰ ਦੇਖਿਆ ਤਾਂ ਇਹ ਭੂੰਡ ਆਸ਼ਕ ਕਾਫੀ ਘਬਰਾ ਗਿਆ। ਬਹਾਦਰ ਕੁਡ਼ੀਆਂ ਨੇ ਉਸ ਦੀ ਇਸ ਕਰਤੂਤ ਨੂੰ ਪੁਲਸ ਦੇ ਨੋਟਿਸ ‘ਚ ਲਿਆਉਣ ਲਈ ਨਜ਼ਦੀਕੀ ਪੁਲਸ ਚੌਕੀ ਦਾ ਨੰਬਰ ਮਿਲਾਉਣ ਦੀ ਕੋਸ਼ਿਸ਼ ਕੀਤਾ ਤਾਂ ਉਕਤ ਨੌਜਵਾਨ ਤੁਰੰਤ ਉਨ੍ਹਾਂ ਦੇ ਪੈਰੀ ਪੈ ਗਿਆ।
ਉਧਰ ਲੋਕਾਂ ਦੀ ਭੀਡ਼ ਇਕੱਠੀ ਹੁੰਦੀ ਦੇਖ ਕੁਡ਼ੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਭੂੰਡ ਆਸ਼ਕ ਦੀ ਕਾਫੀ ਛਿਤਰੌਲ ਕਰਦੇ ਹੋਏ ਉਸ ਦੇ ਮੋਬਾਇਲ ‘ਚੋਂ ਕੁਡ਼ੀਆਂ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ। ਦੋਵਾਂ ਲਡ਼ਕੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਸਕਾ ਭਰਾ ਨਹੀਂ ਹੈ ਅਤੇ ਰੱਖਡ਼ੀ ਦਾ ਤਿਉਹਾਰ ਹੋਣ ਕਰਕੇ ਉਹ ਰਿਸ਼ਤੇਦਾਰੀ ਵਿਚ ਲਗਦੇ ਭਰਾ ਨੂੰ ਰੱਖਡ਼ੀ ਬਨਣ ਜਾ ਰਹੀਆਂ ਸਨ ਕਿ ਰਸਤੇ ਵਿਚ ਸਾਨੂੰ ਇਸ ਨਸ਼ੇਡ਼ੀ ਨੌਜਵਾਨ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਪਹਿਲਾਂ ਇਸ ਮਜਨੂੰ ਨੂੰ ਨੱਕ ਨਾਲ ਲਕੀਰਾਂ ਕਢਵਾਈਆਂ ਅਤੇ ਫਿਰ ਅੱਗੇ ਤੋਂ ਅਜਿਹੀ ਹਰਕਤ ਨਾ ਕਰਨ ਦੀ ਨਸੀਹਤ ਦਿੱਤੀ ਬਾਅਦ ਵਿਚ ਦੋਵਾਂ ਕੁਡ਼ੀਆਂ ਕੋਲੋਂ ਰੱਖਡ਼ੀਆਂ ਬਨਵਾ ਕੇ ਉਕਤ ਮਜਨੂੰ ਨੇ ਆਪਣੀ ਜਾਨ ਛੁਡਵਾਈ।

LEAVE A REPLY