ਜਪਾਨੀ ਕਾਰ ਕੰਪਨੀ ਨਿੱਸਨ ਨੇ ਸਾਰੇ ਵਾਹਨਾਂ ਦੀਆਂ ਕੀਮਤਾਂ ਔਸਤਨ ਤਿੰਨ ਫ਼ੀਸਦ ਤੱਕ ਘਟਾ ਦਿੱਤੀਆਂ ਹਨ।

0
458

ਜਪਾਨੀ ਕਾਰ ਕੰਪਨੀ ਨਿੱਸਨ ਨੇ ਜੀਸੀਟੀ ਦਾ ਲਾਭ ਗਾਹਕਾਂ ਤੱਕ ਪੁੱਜਦਾ ਕਰਨ ਲਈ ਆਪਣੇ ਡੈਟਸਨ ਬਰਾਂਡ ਸਮੇਤ ਸਾਰੇ ਵਾਹਨਾਂ ਦੀਆਂ ਕੀਮਤਾਂ ਔਸਤਨ ਤਿੰਨ ਫ਼ੀਸਦ ਤੱਕ ਘਟਾ ਦਿੱਤੀਆਂ ਹਨ। ਉੱਧਰ ਬਜਾਜ ਨਾਲ ਸਬੰਧਤ ਮੋਟਰਸਾਈਕਲ ਕੰਪਨੀ ਕੇਟੀਐਮ ਨੇ ਭਾਰਤ ਵਿੱਚ ਆਪਣੇ ਮੋਟਰਸਾਈਕਲ 8600 ਰੁਪਏ ਤੱਕ ਸਸਤੇ ਕਰ ਦਿੱਤੇ ਹਨ ਤਾਂ ਜੋ ਜੀਐਸਟੀ ਦਾ ਲਾਹਾ ਗਾਹਕਾਂ ਨੂੰ ਵੀ ਮਿਲ ਸਕੇ। ਨਿਸਾਨ ਮੋਟਰ ਇੰਡੀਆ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਕੰਪਨੀ ਦੇ ਵਾਹਨਾਂ ਦੀਆਂ ਕੀਮਤਾਂ ਤਿੰਨ ਫ਼ੀਸਦ ਤੱਕ ਘਟਾਈਆਂ ਗਈਆਂ ਹਨ ਤੇ ਇਹ ਕਟੌਤੀ ਸ਼ਹਿਰ ਅਤੇ ਮਾਡਲ ਉੱਤੇ ਨਿਰਭਰ ਹੈ। ਕੰਪਨੀ ਦੇ ਐਮਡੀ ਅਰੁਨ ਮਲਹੋਤਰਾ ਨੇ ਕਿਹਾ ਕਿ ਜੀਐਸਟੀ ਲਾਗੂ ਕਰਨਾ ਵਾਹਨ ਕੰਪਨੀਆਂ ਅਤੇ ਗਾਹਕਾਂ ਲਈ ਸਕਾਰਾਤਮਕ ਕਦਮ ਹੈ ਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਇਸ ਦਾ ਲਾਭ ਗਾਹਕਾਂ ਨੂੰ ਦੇ ਰਹੇ ਹਨ। ਕੱਲ੍ਹ ਟਾਟਾ ਅਤੇ ਰੈਨੌਲਟ ਨੇ ਆਪਣੇ ਵਾਹਨਾਂ ਦੀ ਕੀਮਤਾਂ ਘਟਾਈਆਂ ਸਨ। ਮਹਿੰਦਰਾ, ਹੌਂਡਾ, ਫੋਰਡ, ਮਾਰੂਤੀ, ਟੋਯੋਟਾ, ਬੀਐਮਡਬਲਿਊ ਆਦਿ ਪਹਿਲਾਂ ਹੀ ਆਪਣੇ ਵਾਹਨਾਂ ਦੀਆਂ ਕੀਮਤਾਂ ਘਟਾ ਚੁੱਕੀਆਂ ਹਨ। ਉੱਧਰ ਦੋ ਪਹੀਆ ਵਾਹਨਾਂ ਦੇ ਖੇਤਰ ਵਿੱਚ ਬਜਾਜ ਨਾਲ ਸਬੰਧਤ ਆਸਟਰੀਆ ਦੀ ਕੇਟੀਐਮ ਨੇ ਆਪਣੇ ਮੋਟਰਸਾਈਕਲਾਂ ਦੀ ਕੀਮਤ 8600 ਰੁਪਏ ਤੱਕ ਘਟਾ ਦਿੱਤੀ ਹੈ। 350 ਸੀਸੀ ਤੱਕ ਦੇ ਮਾਡਲਾਂ ਜਿਵੇਂ ਕਿ 200 ਡਿਊਕ, ਆਰਸੀ 200 ਅਤੇ 250 ਡਿਊਕ ਦੀ ਕੀਮਤਾਂ 8600 ਰੁਪਏ ਘੱਟ ਕੀਤੀਆਂ ਗਈਆਂ ਹਨ। 350 ਸੀਸੀ ਤੋਂ ਵੱਧ ਦੇ ਮੋਟਰਸਾਈਕਲਾਂ ਜਿਵੇਂ ਕਿ 390 ਡਿਊਕ ਅਤੇ ਆਰਸੀ 390 ਦੀਆਂ ਕੀਮਤਾਂ ਵਿੱਚ 5900 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਕਟੌਤੀ ਵੱਖ ਵੱਖ ਥਾਵਾਂ ’ਤੇ ਵੱਖਰੀ ਹੈ ਕਿਉਂਕਿ ਇਸ ਸਬੰਧੀ ਜੀਐਸਟੀ ਤੋਂ ਪਹਿਲਾਂ ਲਾਗੂੁ ਵੈਟ ਨੂੰ ਆਧਾਰ ਬਣਾਇਆ ਗਿਆ ਹੈ।
ਹੋਰਨਾਂ ਦੋ ਪਹੀਆ ਵਾਹਨ ਕੰਪਨੀਆਂ ਜਿਵੇਂ ਕਿ ਟੀਵੀਐਸ, ਹੌਂਡਾ, ਹੀਰੋ, ਬਜਾਜ, ਸੁਜ਼ੂਕੀ ਅਤੇ ਰੌਇਲ ਇਨਫੀਲਡ ਵੱਲੋਂ ਪਹਿਲਾਂ ਹੀ ਕੀਮਤਾਂ ਵਿੱਚ ਕਟੌਤੀ ਕੀਤੀ ਜਾ ਚੁੱਕੀ ਹੈ।

LEAVE A REPLY