ਜੱਗਾ ਜਾਸੂਸ’ ਦੇ ਰਾਹ ਵਿੱਚ ਆਏ ਕਈ ਅੜਿੱਕੇ

0
707

ਬਾਲੀਵੁਡ ਅਦਾਕਾਰ ਰਣਬੀਰ ਕਪੂਰ ਨੇ ਆਪਣੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ ‘ਜੱਗਾ ਜਾਸੂਸ’ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਫਿਲਮ ਨੂੰ ਲੈ ਕੇ ਉਨ੍ਹਾਂ ਨੂੰ ਕਈ ਉਤਰਾਅ-ਚੜਾਅ ਦੇਖਣੇ ਪਏ। ਕਾਫ਼ੀ ਅੜਿੱਕੇ ਆਏ ਤੇ ਕਈ ਵਾਰ ਫਿਲਮ ਨੂੰ ਰਿਲੀਜ਼ ਕਰਨ ਦੀ ਤਰੀਕ ਅੱਗੇ ਪਾਉਣੀ ਪਈ।
14 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਟਰੇਲਰ ਜਾਰੀ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਣਬੀਰ ਕਪੂਰ ਨੇ ਕਿਹਾ ਕਿ ‘ਜੱਗਾ ਜਾਸੂਸ’ ਦੇ ਮਾਮਲੇ ਵਿੱਚ ਕਾਫ਼ੀ ਸਬਰ ਤੋਂ ਕੰਮ ਲੈਣਾ ਪਿਆ। ਇਸ ਫਿਲਮ ਬਾਰੇ ਕਈ ਅਫ਼ਵਾਹਾਂ ਵੀ ਉਡੀਆਂ ਤੇ ਫਿਲਮ ਬਾਰੇ ਨਾਕਾਰਾਤਮਕ ਵੀ ਕਿਹਾ ਗਿਆ। ਅਜਿਹੇ ਸਮੇਂ ਦੌਰਾਨ ਫਿਲਮ ’ਤੇ ਧਿਆਨ ਦੇਣਾ ਬਹੁਤ ਵੱਡਾ ਮਸਲਾ ਸੀ। ਫਿਲਮ ਦੇ ਨਿਰਦੇਸ਼ਕ ਅਨੁਰਾਗ ਬਾਸੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਾਸੂ ਸੈੱਟ ’ਤੇ ਕੰਮ ਕਰਦਿਆਂ ਬਹੁਤ ਆਨੰਦ ਉਠਾਉਂਦੇ ਹਨ, ਜਿਸ ਕਾਰਨ ਕੰਮ ਬੋਝ ਨਹੀਂ ਲੱਗਦਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ‘ਜੱਗਾ ਜਾਸੂਸ’ ਦੇ ਰਾਹ ਵਿੱਚ ਆਏ ਅੜਿੱਕਿਆਂ ਤੋਂ ਹਾਰ ਕੇ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਠੰਢੇ ਬਸਤੇ ਵਿੱਚ ਪਾਉਣ ਬਾਰੇ ਨਹੀਂ ਸੋਚਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜਿਹਾ ਸੋਚਿਆ ਸੀ। ਫਿਰ ਉਨ੍ਹਾਂ, ਕੈਟਰੀਨਾ ਤੇ ਬਾਸੂ ਨੇ ਬੈਠ ਕੇ ਚਰਚਾ ਕੀਤੀ ਕੀ ਅਜਿਹਾ ਕਿਉਂ ਹੋ ਰਿਹਾ ਹੈ ਅਤੇ ਅੱਗੇ ਕੀ ਕਰਨਾ ਚਾਹੀਦਾ ਹੈ ? ਉਨ੍ਹਾਂ ਕਿਹਾ ਕਿ ਜੋ ਵੀ ਹੋਇਆ, ਲੰਘ ਗਿਆ ਤੇ ਇਸ ਨਾਲ ਫਿਲਮ ਦਾ ਪ੍ਰਚਾਰ ਵੀ ਹੋਇਆ ਹੈ।
ਰਣਬੀਰ ਨੇ ਕਿਹਾ ਕਿ ਚਾਰ ਸਾਲਾਂ ਬਾਅਦ ਫਿਲਮ ਤਿਆਰ ਹੈ ਤੇ ਇਹ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਇਆ ਕਿ ਇਸ ਫਿਲਮ ਲਈ ਕੋਈ ਦ੍ਰਿਸ਼ ਵਾਰ ਵਾਰ ਫਿਲਮਾਉਣਾ ਪਿਆ ਹੋਵੇ। ਇਸ ਫਿਲਮ ਲਈ ਕਰੀਬ 150 ਦਿਨ ਸ਼ੂਟਿੰਗ ਕੀਤੀ ਹੈ ਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਤਿੰਨ ਅਤੇ ਕੈਟਰੀਨਾ ਨੇ ਦੋ ਫਿਲਮਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਫਿਲਮਾਂ ਵਿੱਚ ਨਾਲ ਨਾਲ ਕੰਮ ਕਰਨ ਕਰਕੇ ਸਮਾਂ ਕੱਢਣ ਦੀ ਦਿੱਕਤ ਆਈ ਹੈ ਪਰ ਸ਼ੂੂਟਿੰਗ ਵਾਰ ਵਾਰ ਨਹੀਂ ਕਰਨੀ ਪਈ।

LEAVE A REPLY