ਭਾਰਤੀ ਕ੍ਰਿਕਟ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

0
515

ਭਾਰਤੀ ਕ੍ਰਿਕਟ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਕਪਤਾਨ ਵਿਰਾਟ ਕੋਹਲੀ ਅਤੇ ਕੁੱਝ ਹੋਰ ਖਿਡਾਰੀਆਂ ਨਾਲ ਕਥਿਤ ਮੱਤਭੇਦਾਂ ਦੇ ਚੱਲਦਿਆਂ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਤੋਂ ਹਾਰਨ ਦੇ ਦੋ ਦਿਨ ਬਾਅਦ ਕੁੰਬਲੇ ਨੇ ਅਹੁਦਾ ਛੱਡ ਦਿੱਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੁੰਬਲੇ ਦਾ ਇੱਕ ਸਾਲ ਦਾ ਕਾਰਜਕਾਲ ਚੈਂਪੀਅਨਜ਼ ਟਰਾਫੀ ਦੇ ਨਾਲ ਹੀ ਪੂਰਾ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕਪਤਾਨ ਵਿਰਾਟ ਕੋਹਲੀ ਅਤੇ ਕੁੰਬਲੇ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਹੀ ਵਾਪਰਿਆ ਹੈ। ਹਾਲਾਂਕਿ ਕਪਤਾਨ ਨੇ ਕੋਚ ਨਾਲ ਮੱਤਭੇਦਾਂ ਦਾ ਖੰਡਨ ਕੀਤਾ ਸੀ। ਕੁੰਬਲੇ ਭਾਰਤੀ ਟੀਮ ਦੇ ਨਾਲ ਵੈਸਟ ਇੰਡੀਜ਼ ਵੀ ਨਹੀ ਗਏ, ਉਹ ਅੱਗੇ ਕੋਚ ਦੇ ਅਹੁਦੇ ਉੱਤੇ ਬਣਿਆ ਨਹੀ ਰਹਿਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਅਨਿਲ ਕੁੰਬਲੇ ਵਿਚਕਾਰ ਕਥਿੱਤ ਮੱਤਭੇਦਾਂ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਆਈਸੀਸੀ ਮੀਟਿੰਗ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਕਾਰਨ ਕੋਚ ਕੁੰਬਲੇ 23 ਜੂਨ ਨੂੰ ਸ਼ੁਰੂ ਹੋ ਰਹੀ ਸੀਮਤ ਓਵਰਾਂ ਦੀ ਲੜੀ ਲਈ ਭਾਰਤੀ ਟੀਮ ਦੇ ਨਾਲ ਵੈਸਟ ਇੰਡੀਜ਼ ਨਹੀ ਗਏ। ਕੁੰਬਲੇ ਦੇ ਟੀਮ ਨਾਲ ਨਾ ਜਾਣ ਦਾ ਟੀਮ ਪ੍ਰਬੰਧਕਾਂ ਵੱਲੋਂ ਕਾਰਨ ਉਨ੍ਹਾਂ ਦਾ ਆਈਸੀਸੀ ਦੇ ਸਾਲਾਨਾ ਸੰਮੇਲਨ ਲਈ ਰੁਕਣਾ ਸੀ ਕਿਉਂਕਿ ਉਹ ਉਸ ਕਮੇਟੀ ਦੇ ਪ੍ਰਧਾਨ ਹਨ ਜੋ ਕਿ੍ਕਟ ਦੇ ਨਿਯਮਾਂ ਨੂੰ ਲੈ ਕੇ ਫੈਸਲਾ ਕਰਦੀ ਹੈ। ਆਈਸੀਸੀ ਦਾ ਸਾਲਾਨਾ ਸੰਮੇਲਨ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਅਤੇ 23 ਜੂਨ ਤੱਕ ਚੱਲੇਗਾ। ਕੁੰਬਲੇ ਦੀ ਅਗਵਾਈ ਵਾਲੀ ਕਿ੍ਕਟ ਕਮੇਟੀ ਦੀ ਮੀਟਿੰਗ 22 ਜੂਨ ਨੂੰ ਹੋਣੀ ਹੈ। ਟੀਮ ਅੱਜ ਬਾਰਬਡੋਸ ਲਈ ਰਵਾਨਾ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਿੱਚ ਇਸ ਪ੍ਰਕਾਰ ਚਰਚਾ ਹੈ ਕਿ ਕਪਤਾਨ ਵਿਰਾਟ ਕੋਹਲੀ ਦੀ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀਵੀਐੱਸ ਲਕਸ਼ਮਣ ਦੀ ਕਿ੍ਕਟ ਸਲਾਹਕਾਰ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਕਪਤਾਨ ਨੇ ਸਪਸ਼ਟ ਕਰ ਦਿੱਤਾ ਸੀ ਕਿ ਕੋਚ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਲੱਗਪਗ ਖਤਮ ਹੋ ਗਿਆ ਹੈ। ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨਾਲ ਇਸ ਮਾਮਲੇ ਵਿੱਚ ਪ੍ਰਤੀਕਿਰਿਆ ਲੈਣ ਲਈ ਸੰਪਰਕ ਨਹੀ ਹੋ ਸਕਿਆ। ਬੋਰਡ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਚੰਗੇ ਸੰਕੇਤ ਨਹੀ ਹਨ।

LEAVE A REPLY