ਭਾਰਤ ਦੀ ਹਾਕੀ ਵਰਲਡ ਲੀਗ ਮੁਕਾਬਲੇ ’ਚ ਪਾਕਿਸਤਾਨ ਨੂੰ 7-1 ਦੀ ਕਰਾਰੀ ਸ਼ਿਕਸਤ |

0
487

ਭਾਰਤ ਨੇ ਅੱਜ ਇਥੇ ਹਾਕੀ ਵਰਲਡ ਲੀਗ ਦੇ ਗਰੁੱਪ ਬੀ ਦੇ ਮੁਕਾਬਲੇ ’ਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 7-1 ਦੀ ਕਰਾਰੀ ਸ਼ਿਕਸਤ ਦਿੰਦਿਆਂ ਕੁਆਰਟਰ ਫਾਈਨਲ ’ਚ ਥਾਂ ਪੱਕੀ ਕਰ ਲਈ। ਭਾਰਤ ਦੀ ਟੂਰਨਾਮੈਂਟ ’ਚ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਹ ਅੰਕ ਸੂਚੀ ਵਿੱਚ ਨੀਦਰਲੈਂਡ ਨੂੰ ਪਛਾੜ ਕੇ ਪਹਿਲੇ ਨੰਬਰ ’ਤੇ ਪੁੱਜ ਗਈ ਹੈ। ਉਂਜ ਪੂਰੇ ਮੈਚ ਦੌਰਾਨ ਭਾਰਤ ਨੇ ਪਾਕਿਸਤਾਨ ’ਤੇ ਆਪਣਾ ਦਾਬਾ ਬਣਾਈ ਰੱਖਿਆ। ਲੀ ਵੈਲੀ ਹਾਕੀ ਤੇ ਟੈਨਿਸ ਸੈਂਟਰ ਵਿੱਚ ਖੇਡੇ ਮੁਕਾਬਲੇ ਦੌਰਾਨ ਭਾਰਤ ਲਈ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ (13ਵੇਂ ਤੇ 33ਵੇਂ ਮਿੰਟ), ਤਲਵਿੰਦਰ ਸਿੰਘ (21ਵੇਂ ਤੇ 24ਵੇਂ), ਅਕਾਸ਼ਦੀਪ ਸਿੰਘ (47ਵੇਂ ਤੇ 59ਵੇਂ) ਤੇ ਪ੍ਰਦੀਪ ਮੌੜ(49ਵੇਂ ਮਿੰਟ) ਨੇ ਗੋਲ ਕੀਤੇ। ਪਾਕਿਸਤਾਨ ਲਈ ਇਕੋ ਇਕ ਗੋਲ ਮੁਹੰਮਦ ਉਮਰ ਭੁੱਟਾ ਦੀ ਹਾਕੀ ਤੋਂ 57ਵੇਂ ਮਿੰਟ ਵਿੱਚ ਨਿਕਲਿਆ। ਪੂਲ ਬੀ ਵਿੱਚ ਤਿੰਨ ਤਿੰਨ ਜਿੱਤਾਂ ਨਾਲ ਭਾਰਤ ਤੇ ਨੀਦਰਲੈਂਡ ਭਾਵੇਂ ਬਰਾਬਰ ਹਨ, ਪਰ ਪਾਕਿਸਤਾਨ ਖ਼ਿਲਾਫ਼ ਮਿਲੀ 7-1 ਦੀ ਜਿੱਤ ਕਰਕੇ ਉਸ ਤੋਂ ਅੱਗੇ ਨਿਕਲ ਗਿਆ ਹੈ। ਭਾਰਤ ਹੁਣ ਮੰਗਲਵਾਰ ਨੂੰ ਨੀਦਰਲੈਂਡ ਖ਼ਿਲਾਫ਼ ਖੇਡੇਗਾ ਜਦਕਿ ਪਾਕਿਸਤਾਨ ਭਲਕੇ ਸਕੌਟਲੈਂਡ ਨਾਲ ਮੱਥਾ ਲਾਏਗਾ।
ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਉਮਦਾ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ’ਤੇ ਦਬਾਅ ਬਣਾ ਲਿਆ। ਹਰਮਨਪ੍ਰੀਤ ਨੇ ਪਹਿਲੇ ਕੁਆਰਟਰ ਦੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। 21ਵੇਂ ਮਿੰਟ ਵਿੱਚ ਤਲਵਿੰਦਰ ਨੇ ਸਤਿਬੀਰ ਸਿੰਘ ਤੇ ਐਸ.ਵੀ.ਸੁਨੀਲ ਵੱਲੋਂ ਦਿੱਤੇ ਪਾਸ ਨੂੰ ਗੋਲ ’ਚ ਬਦਲ ਕੇ ਸਕੋਰ 2-0 ਕਰ ਦਿੱਤਾ। ਤਿੰਨ ਮਿੰਟਾਂ ਦੇ ਵਕਫ਼ੇ ਮਗਰੋਂ ਤਲਵਿੰਦਰ ਨੇ ਪਾਕਿਸਤਾਨੀ ਗੋਲਕੀਪਰ ਨੂੰ ਝਕਾਨੀ ਦਿੰਦਿਆਂ ਸਕੋਰ 3-0 ਕਰ ਦਿੱਤਾ। ਦੂਜੇ ਅੱਧ ਵਿੱਚ ਗੋਲ ਪੋਸਟਾਂ ਬਦਲਣ ਤੋਂ ਬਾਅਦ ਹਰਮਨਪ੍ਰੀਤ ਨੇ ਇਕ ਹੋਰ ਗੋਲ ਕਰਕੇ ਲੀਡ ਚਾਰ ਗੋਲਾਂ ਦੀ ਕਰ ਦਿੱਤੀ। ਇਸ ਦੌਰਾਨ ਪਾਕਿਸਤਾਨ ਨੇ ਕਈ ਮੂਵ ਬਣਾਏ, ਪਰ ਉਹ ਭਾਰਤੀ ਗੋਲਕੀਪਰ ਆਕਾਸ਼ ਚਿਕਤੇ ਨੂੰ ਪਾਰ ਨਹੀਂ ਪਾ ਸਕੇ। ਮਗਰੋਂ ਅਕਾਸ਼ਦੀਪ ਤੇ ਪ੍ਰਦੀਪ ਮੌੜ ਨੇ ਉਪਰੋਥੱਲੀ ਗੋਲ ਕਰਕੇ ਮੈਚ ਲਗਪਗ ਇਕ ਪਾਸੜ ਕਰ ਦਿੱਤਾ। ਖੇਡ ਦੇ 57ਵੇਂ ਮਿੰਟ ਵਿੱਚ ਉਮਰ ਭੁੱਟਾ ਨੇ ਇਕਮਾਤਰ ਗੋਲ ਕਰਕੇ ਟੀਮ ਦੀ ਕੁਝ ਲਾਜ ਰੱਖੀ। ਆਕਾਸ਼ਦੀਪ ਨੇ ਬਾਅਦ ਵਿੱਚ ਹੂਟਰ ਵੱਜਣ ਤੋਂ ਇਕ ਮਿੰਟ ਪਹਿਲਾਂ ਉਮਦਾ ਗੋਲ ਕਰਕੇ 7-1 ਨਾਲ ਮੈਚ ਭਾਰਤ ਦੀ ਝੋਲੀ ਪਾ ਦਿੱਤਾ।

LEAVE A REPLY