ਪਾਕਿਸਤਾਨੀ ਦੀ ਜਿੱਤ ਦਾ ਹੀਰੋ ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ ਰਿਹਾ।

0
710

ਫਖ਼ਰ ਜਮਾਨ ਦੇ ਸੈਂਕੜੇ ਅਤੇ ਮੁਹੰਮਦ ਆਮਿਰ ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਅੱਜ ਇਥੇ ਰਵਾਇਤੀ ਵਿਰੋਧੀ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫ਼ੀ ਜਿੱਤ ਲਈ। ਪਾਕਿਸਤਾਨ ਦੀ ਇਹ 2009 ਟੀ ਟਵੰਟੀ ਵਿਸ਼ਵ ਕੱਪ ਤੋਂ ਬਾਅਦ ਤੀਜੀ ਵੱਡੀ ਖ਼ਿਤਾਬੀ ਜਿੱਤ ਹੈ। ਉਸ ਦਾ 50 ਓਵਰਾਂ ਦੇ ਕ੍ਰਿਕਟ ਮੈਚ ਵਿੱਚ ਦੂਜਾ ਆਈਸੀਸੀ ਖ਼ਿਤਾਬ ਹੈ। ਇਸ ਜਿੱਤ ਤੋਂ ਬਾਅਦ ਉਸ ਨੇ ਵੱਡੇ ਮੈਚਾਂ ਵਿੱਚ ਭਾਰਤ ਖ਼ਿਲਾਫ਼ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਦੇ ਬਣੇ ਅਕਸ ਨੂੰ ਤੋੜ ਦਿੱਤਾ।
ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਤ ਹੋਇਆ। ਭਾਰਤ ਦੀ ਲੱਚਰ ਗੇਂਦਬਾਜ਼ੀ ਅਤੇ ਅੰਤ ਵਿੱਚ ਬੱਲੇਬਾਜ਼ਾਂ ਦੇ ਸ਼ਰਮਨਾਕ ਪ੍ਰਦਰਸ਼ਨ ਨਾਲ ਭਾਰਤੀ ਟੀਮ ਕਿਸੇ ਤਰ੍ਹਾਂ ਵੀ ਮੁਕਾਬਲੇ ਵਿੱਚ ਨਜ਼ਰ ਨਹੀਂ ਆਈ ਅਤੇ ਉਸ ਨੂੰ ਕਿਸੇ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹਿਲੀ ਵਾਰ ਪਾਕਿਸਤਾਨ ਹੱਥੋਂ ਸ਼ਿਕਸਤ ਝੱਲਣੀ ਪਈ ਹੈ।
ਪਾਕਿਸਤਾਨੀ ਦੀ ਜਿੱਤ ਦਾ ਹੀਰੋ ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ ਰਿਹਾ ਜਿਸਨੇ 106 ਗੇਂਦਾਂ ’ਤੇ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਬਦੌਲਤ 114 ਦੌੜਾਂ ਬਣਾਈਆਂ। ਉਸ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਮਾਰਿਆ ਅਤੇ ਚਾਰ ਵਿਕਟਾਂ ’ਤੇ ਟੀਮ ਨੂੰ 338 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾਇਆ। ਉਸ ਨੇ ਅਜ਼ਹਰ ਅਲੀ ਨਾਲ (59) ਪਹਿਲੀ ਵਿਕਟ ਲਈ 128 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਮੁਹੰਮਦ ਹਫੀਜ਼ (ਨਾਬਾਦ) 57, ਬਾਬਰ ਆਜ਼ਮ ਨੇ 46 ਅਤੇ ਇਮਾਦ ਵਸੀਮ (ਨਾਬਾਦ) 25 ਨੇ ਵੀ ਲੋੜੀਂਦਾ ਸਹਿਯੋਗ ਦਿੱਤਾ। ਭਾਰਤੀ ਟੀਮ ਇਸ ਦੇ ਜਵਾਬ ਵਿੱਚ 30.3 ਓਵਰਾਂ ਵਿੱਚ 158 ਦੌੜਾਂ ’ਤੇ ਢੇਰ ਹੋ ਗਈ। ਭਾਰਤ ਨੂੰ 150 ਤੋਂ ਪਾਰ ਪਹੁੰਚਾਉਣ ਦਾ ਸਿਹਰਾ ਹਾਰਦਿਕ ਪੰਡਿਆ ਨੂੰ ਜਾਂਦਾ ਹੈ। ਉਸ ਨੇ 43 ਗੇਂਦਾਂ ’ਤੇ ਚਾਰ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ।
ਮੁਹੰਮਦ ਆਮਿਰ ਨੇ ਭਾਰਤੀ ਪਾਰੀ ਦਾ ਅੰਤ ਕੀਤਾ। ਉਸ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈ। ਹਸਨ ਅਲੀ ਅਤੇ ਸ਼ਾਦਾਬ ਖਾਨ ਨੇ ਦੋ ਦੋ ਵਿਕਟਾਂ ਲਈਆਂ। ਆਮਿਰ ਨੇ ਭਾਰਤ ਦੇ ਸਿਖਰਲੇ ਕ੍ਰਮ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਉਸ ਨੇ ਪਹਿਲੇ ਤਿੰਨ ਓਵਰਾਂ ਵਿੱਚ ਰੋਹਿਤ ਸ਼ਰਮਾ, ਕਪਤਾਨ ਕੋਹਲੀ ਦੇ ਵਿਕਟ ਲਏ। ਰੋਹਿਤ ਟੰਗ ਅੜਿੱਕਾ ਆਊਟ ਹੋਇਆ। ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂਆਤੀ ਤਿੰਨ ਓਵਰ ਚੰਗੇ ਸੁੱਟੇ, ਪਰ ਮਗਰੋਂ ਫਖ਼ਰ ਅਤੇ ਅਜ਼ਹਰ ਦੀ ਭਾਈਵਾਲੀ ਨੇ ਭਾਰਤੀ ਗੇਂਦਬਾਜਾਂ ਦੇ ਹੌਸਲੇ ਭੰਨ ਦਿੱਤੇ। ਭਾਰਤ ਦੇ ਦੋਵੇਂ ਸਪਿੰਨਰ ਮਹਿੰਗੇ ਸਾਬਤ ਹੋਏ। ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲਿਆ। ਰਵੀਚੰਦਰਨ ਅਸ਼ਵਿਨ ਨੇ 10 ਓਵਰਾਂ ਵਿੱਚ 70 , ਜਡੇਜਾ ਨੇ 8 ਓਵਰਾਂ ਵਿੱਚ 67, ਬੁਮਰਾਹ ਨੇ ਨੌਂ ਓਵਰਾਂ ਵਿੱਚ 68 ਅਤੇ ਭੁਵਨੇਸ਼ਵਰ ਨੇ 10 ਓਵਰਾਂ ਵਿੱਚ 44 ਦੌੜਾਂ ਦੇ ਦੇ ਕੇ ਇਕ ਵਿਕਟ ਲਿਆ। ਪੰਡਿਆ ਨੇ 10 ਓਵਰਾਂ ਵਿੱਚ 53 ਦੌੜਾਂ ਦੇ ਕੇ ਇਕ ਵਿਕਟ ਲਿਆ। ਕੇਦਾਰ ਜਾਧਵ ਨੇ ਤਿੰਨ ਓਵਰਾਂ ਵਿੱਚ 27 ਦੌੜਾਂ ਦੇ ਕੇ ਇਕ ਵਿਕਟ ਲਿਆ।

LEAVE A REPLY