ਲੁਧਿਆਣਾ-ਦਿੱਲੀ ਹਵਾਈ ਸਫ਼ਰ ਅਗਲੇ ਮਹੀਨੇ ਤੋਂ।

0
373

ਸੂਬੇ ਦੇ ਲੋਕਾਂ ਨੂੰ ਹਵਾਈ ਸਫ਼ਰ ਲਈ ਉਤਸ਼ਾਹਿਤ ਕਰਨ ਵਾਸਤੇ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਪ੍ਰੋਗਰਾਮ ਉਡਾਣ (ਉੱਡੇ ਦੇਸ਼ ਕਾ ਆਮ ਨਾਗਰਿਕ) ਤਹਿਤ ਭਾਰਤ ਸਰਕਾਰ ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏ.ਏ.ਆਈ.) ਨਾਲ ਸਹਿਮਤੀ ਪੱਤਰ ’ਤੇ ਸਹੀ ਪਾਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਸ ਤਿੰਨ ਧਿਰੀ ਸਮਝੌਤੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਭਾਰਤ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਸੰਯੁਕਤ ਸਕੱਤਰ ਊਸ਼ਾ ਪਾਂਧੀ, ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ਕਾਰਜਕਾਰੀ ਡਾਇਰੈਕਟਰ ਜੀ.ਕੇ. ਚੌਕਿਆਲ ਨੇ ਹਸਤਾਖ਼ਰ ਕੀਤੇ।
ਇਸ ਸਕੀਮ ਤਹਿਤ ਬਠਿੰਡਾ, ਲੁਧਿਆਣਾ, ਪਠਾਨਕੋਟ ਅਤੇ ਆਦਮਪੁਰ ਚਾਰ ਹਵਾਈ ਅੱਡਿਆਂ ਨੂੰ ਜੋੜਿਆ ਗਿਆ ਹੈ। ਅਲਾਇੰਸ ਏਅਰ ਜ਼ਰੀਏ ਪਹਿਲਾਂ ਹੀ ਦਿੱਲੀ-ਬਠਿੰਡਾ-ਦਿੱਲੀ ਰੂਟ ਕਾਰਜਸ਼ੀਲ ਹੈ। ਅਲਾਇੰਸ ਏਅਰ ਨਾਲ ਹੀ ਦਿੱਲੀ-ਪਠਾਨਕੋਟ-ਦਿੱਲੀ ਅਤੇ ਦਿੱਲੀ-ਲੁਧਿਆਣਾ-ਦਿੱਲੀ ਰੂਟ ਜੁਲਾਈ 2017 ਵਿੱਚ ਕਾਰਜਸ਼ੀਲ ਹੋ ਜਾਣਗੇ। ਇਸ ਤੋਂ ਇਲਾਵਾ ਸਪਾਈਸਜੈੱਟ ਰਾਹੀਂ ਦਿੱਲੀ-ਆਦਮਪੁਰ-ਦਿੱਲੀ ਅਗਸਤ 2017 ਅਤੇ ਡੈਕਨ ਏਅਰਲਾਈਨ ਜ਼ਰੀਏ ਵੀ ਦਿੱਲੀ-ਲੁਧਿਆਣਾ-ਦਿੱਲੀ ਰੂਟ ਸਤੰਬਰ 2017 ਵਿੱਚ ਕਾਰਜਸ਼ੀਲ ਹੋਵੇਗਾ। ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕੈਪਟਨ ਨੇ ਕਿਹਾ ਕਿ ਇਸ ਨਾਲ ਲੁਧਿਆਣਾ ਦੇ ਵਪਾਰ ਅਤੇ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਸਕੀਮ ਤਹਿਤ ਮੁਸਾਫ਼ਰਾਂ ਨੂੰ ਤਕਰੀਬਨ ਇੱਕ ਲੱਖ ਸੀਟਾਂ ਮੁਹੱਈਆ ਕਰਾਈਆਂ ਜਾਣਗੀਆਂ ਤੇ ਇਨ੍ਹਾਂ ਵਿੱਚੋਂ 50,000 ਸੀਟਾਂ (50 ਫ਼ੀਸਦ) ਰਿਆਇਤੀ ਦਰਾਂ ’ਤੇ ਹੋਣਗੀਆਂ। ਇਸ ਨਾਲ ਪੈਣ ਵਾਲਾ ਫੰਡਾਂ ਵਿਚਲਾ ਫਰਕ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 80:20 ਦੇ ਅਨੁਪਾਤ ਨਾਲ ਪੂਰਿਆ ਜਾਵੇਗਾ। ਪੰਜਾਬ ਸਰਕਾਰ ਦਾ ਹਿੱਸਾ ਤਕਰੀਬਨ ਤਿੰਨ ਕਰੋੜ ਪ੍ਰਤੀ ਸਾਲ ਹੋਵੇਗਾ।
ਜ਼ਿਕਰਯੋਗ ਹੈ ਕਿ ਉਡਾਣ ਕੇਂਦਰ ਦੀ ਇੱਕ ਖੇਤਰੀ ਸੰਪਰਕ ਸਕੀਮ ਹੈ ਜਿਹੜੀ ਸੂਬਾ ਸਰਕਾਰਾਂ ਨਾਲ ਭਾਈਵਾਲੀ ’ਤੇ ਆਧਾਰਤ ਹੈ। ਸੰਤੁਲਤ ਵਿਕਾਸ ਲਈ ਇਸ ਤਹਿਤ ਵੱਖ-ਵੱਖ ਖੇਤਰਾਂ ਨੂੰ ਜੋੜਿਆ ਜਾ ਰਿਹਾ ਹੈ ਤੇ ਲੋਕਾਂ ਲਈ ਹਵਾਈ ਸਫ਼ਰ ਵੀ ਸਸਤਾ ਕੀਤਾ ਜਾ ਰਿਹਾ ਹੈ। ਊਸ਼ਾ ਪਾਂਧੀ ਨੇ ਦੱਸਿਆ ਕਿ ਰੂਟਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ। ਬੋਲੀ ਦੇ ਪਹਿਲੇ ਗੇੜ ਤਹਿਤ 27 ਪ੍ਰਸਤਾਵ ਪਾਸ ਕੀਤੇ ਗਏ ਹਨ। ਇਨ੍ਹਾਂ 128 ਰੂਟਾਂ ਵਿੱਚ 33 ਨਵੇਂ ਅਤੇ 12 ਘੱਟ ਸੇਵਾਵਾਂ ਵਾਲੇ ਹਵਾਈ ਅੱਡੀਆਂ ਦੇ ਰੂਟ ਹਨ। ਇਸ ਸਕੀਮ ਤਹਿਤ ਜੋੜੇ ਜਾਣ ਵਾਲੇ ਖੇਤਰਾਂ ਵਿੱਚ ਉੱਤਰੀ ਖੇਤਰ ਦੇ 17, ਦੱਖਣ ਦੇ 11, ਉੱਤਰ ਪੂਰਬ ਦੇ ਛੇ, ਪੱਛਮ ਦੇ 24 ਅਤੇ ਪੂਰਬ ਦੇ 12 ਖੇਤਰ ਸ਼ਾਮਲ ਹਨ।

LEAVE A REPLY