ਮਹਾਨ ਗਾਇਕਾ ਆਸ਼ਾ ਭੌਸਲੇ ਦਾ ਮੋਮ ਦਾ ਬੁੱਤ ਭਾਰਤ ਦੇ ਪਹਿਲੇ ਮਦਾਮ ਤੁਸਾਦ ਅਜਾਇਬਘਰ ’ਚ ਲੱਗੇਗਾ।

0
949

ਹਿੰਦੀ ਫਿਲਮਾਂ ਦੀ ਮਹਾਨ ਗਾਇਕਾ ਆਸ਼ਾ ਭੌਸਲੇ ਦਾ ਮੋਮ ਦਾ ਬੁੱਤ ਭਾਰਤ ਦੇ ਪਹਿਲੇ ਮਦਾਮ ਤੁਸਾਦ ਅਜਾਇਬਘਰ ’ਚ ਲੱਗੇਗਾ। ਉਨ੍ਹਾਂ ਦਾ ਬੁੱਤ ਇੱਥੇ ਹੋਰਨਾਂ ਅਦਾਕਾਰਾਂ ਤੇ ਸ਼ਖ਼ਸੀਅਤਾਂ ਦੇ ਬੁੱਤਾਂ ਨਾਲ ਇੱਥੇ ਸਜਾਇਆ ਜਾਵੇਗਾ।
ਇਸ ਸਬੰਧੀ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਕਿ ਉਨ੍ਹਾਂ ਦਾ ਬੁੱਤ ਬੌਲੀਵੁੱਡ ਸੰਗੀਤ ਆਧਾਰਤ ਜ਼ੋਨ ਵਿੱਚ ਹੋਰਨਾਂ ਗਾਇਕਾਂ ਨਾਲ ਲਾਇਆ ਜਾਵੇਗਾ। ਇਹ ਜ਼ੋਨ ਪ੍ਰਸ਼ੰਸਕਾਂ ਨੂੰ ਆਪਣੇ ਚਹੇਤੇ ਸਿਤਾਰਿਆਂ ਨਾਲ ਗਾਉਣ ਤੇ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਵੀ ਦੇਵੇਗਾ। ਮਦਾਮ ਤੁਸਾਦ ਦੇ ਮਾਹਰ ਪਿਛਲੇ ਸਾਲ ਇਸ 83 ਸਾਲਾ ਗਾਇਕਾ ਨੂੰ ਮਿਲੇ ਸਨ ਤੇ ਉਨ੍ਹਾਂ ਦਾ ਮਾਪ ਤੇ 150 ਤੋਂ ਵੱਧ ਤਸਵੀਰਾਂ ਲਈਆਂ ਸਨ। ਆਸ਼ਾ ਭੌਸਲੇ ਨੇ ਮਦਾਮ ਤੁਸਾਦ ਤੇ ਆਪਣੇ ਚਹੇਤਿਆਂ ਦਾ ਇਸ ਮਾਣ ਲਈ ਸ਼ੁਕਰੀਆ ਕੀਤਾ। ਉਨ੍ਹਾਂ ਕਿਹਾ ਕਿ ਉਸ ਦਾ ਮੋਮ ਦਾ ਪੁਤਲਾ ਬਣਨ ਦੀ ਖ਼ਬਰ ਨਾਲ ਉਹ ਕਾਫੀ ਉਤਸ਼ਾਹਿਤ ਹੈ ਤੇ ਉਹ ਇਸ ਦੇ ਮੁਕੰਮਲ ਹੋਣ ’ਤੇ ਇਸ ਨੂੰ ਜਲਦ ਦੇਖਣ ਦੀ ਚਾਹਵਾਨ ਹੈ।
ਆਸ਼ਾ ਭੌਸਲੇ ਪਿਛਲੇ ਤਕਰੀਬਨ ਛੇ ਦਹਾਕਿਆਂ ਤੋਂ ਸੰਗੀਤ ਪ੍ਰੇਮੀਆਂ ਦਾ ਮਨੋਰੰਜਣ ਕਰ ਰਹੀ ਹੈ। ਉਸ ਨੇ ਹਜ਼ਾਰਾਂ ਬੌਲੀਵੁੱਡ ਫਿਲਮਾਂ ਤੋਂ ਇਲਾਵਾ 20 ਤੋਂ ਵੱਧ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ’ਚ ਗੀਤ ਗਾਏ ਹਨ। ਸਭ ਵੱਧ ਰਿਕਾਰਡ ਕੀਤੇ ਗਏ ਗੀਤਾਂ ਕਾਰਨ ਆਸ਼ਾ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ’ਚ ਵੀ ਦਰਜ ਹੈ। ਆਸ਼ਾ ਨੂੰ ਸਾਲ 2000 ਵਿੱਚ ਦਾਦਾ ਸਾਹਿਬ ਫਾਲਕੇ ਐਵਾਰਡ ਤੇ 2008 ’ਚ ਪਦਮ ਵਿਭੂਸ਼ਣ ਸਨਮਾਣ ਮਿਲ ਚੁੱਕਾ ਹੈ।

LEAVE A REPLY