ਚੈਂਪੀਅਨਜ਼ ਟਰਾਫੀ ਦੇ ਆਖ਼ਰੀ ਗਰੁੱਪ ਮੈਚ ਵਿੱਚ ਪਾਕਿਸਤਾਨ ਅਤੇ ਅਤੇ ਸ੍ਰੀਲੰਕਾ ਇੱਕ ਦੂਜੇ ਨਾਲ ਭਿੜਨਗੀਆਂ

0
452

ਉਲਟਫੇਰ ਭਰੀ ਜਿੱਤ ਦਰਜ ਕਰਨ ਬਾਅਦ ਪਾਕਿਸਤਾਨ ਅਤੇ ਅਤੇ ਸ੍ਰੀਲੰਕਾ ਦੀ ਮੁਹਿੰਮ ਲੀਹ ਉੱਤੇ ਆ ਗਈ ਹੈ। ਦੋਵੇਂ ਟੀਮਾਂ ਭਲਕੇ ਇੱਥੇ ਚੈਂਪੀਅਨਜ਼ ਟਰਾਫੀ ਦੇ ਆਖ਼ਰੀ ਗਰੁੱਪ ਮੈਚ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ। ਇਹ ਇੱਕ ਤਰ੍ਹਾਂ ਕੁਆਰਟਰ ਫਾਈਨਲ ਮੁਕਾਬਲੇ ਦੀ ਤਰ੍ਹਾਂ ਹੀ ਹੋਵੇਗਾ। ਦੋਵੇਂ ਟੀਮਾਂ ਨੇ ਆਪਣੇ ਸ਼ੁਰੂਆਤੀ ਮੈਚ ਗਵਾ ਦਿੱਤੇ ਸਨ ਪਰ ਦੋਵਾਂ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਡੇ ਉਲਟ ਫੇਰ ਕਰਕੇ ਵਾਪਸੀ ਕੀਤੀ ਹੈ।
ਪਾਕਿਸਤਾਨ ਨੂੰ ਆਪਣੇ ਰਵਾਇਤੀ ਵਿਰੋਧੀ ਭਾਰਤ ਹੱਥੋਂ 124 ਦੌੜਾਂ ਦੀ ਕਰਾਰੀ ਹਾਰ ਮਿਲੀ ਸੀ ਪਰ ਉਸਨੇ ਦੁਨੀਆਂ ਦੀ ਨੰਬਰ ਇੱਕ ਟੀਮ ਦੱਖਣੀ ਅਫਰੀਕਾ ਉੱਤੇ ਉਲਟਫੇਰ ਭਰੀ ਜਿੱਤ ਦਰਜ ਕਰਕੇ ਆਪਣੇ ਆਪ ਨੂੰ ਦੌੜ ਵਿੱਚ ਬਣਾਈ ਰੱਖਿਆ। ਸ੍ਰੀਲੰਕਾ ਨੂੰ ਵੀ ਦੱਖਣੀ ਅਫਰੀਕਾ ਤੋਂ 96 ਦੌੜਾਂ ਦੀ ਵੱਡੀ ਹਾਰ ਮਿਲੀ ਸੀ ਪਰ ਉਸਨੇ ਸ਼ਾਨਦਾਰ ਬੱਲੇਬਾਜ਼ੀ ਦੇ ਬਲਬੂਤੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਉਲਟਫੇਰ ਕਰ ਦਿੱਤਾ ਅਤੇ ਸੈਮੀ ਫਾਈਨਲ ਦੀ ਦੌੜ ਵਿੱਚ ਟੀਮ ਸ਼ਾਮਲ ਹੋ ਗਈ।
ਪਾਕਿਸਤਾਨ ਅਤੇ ਸ੍ਰੀਲੰਕਾ ਦੇ ਖਿਡਾਰੀ ਉਲਟਫੇਰ ਵਾਲੀਆਂ ਜਿੱਤਾਂ ਤੋਂ ਬਾਅਦ ਕਾਫੀ ਉਤਸ਼ਾਹ ਨਾਲ ਭਰੇ ਹੋਏ ਹਨ। ਹੁਣ ਭਲਕੇ ਹੀ ਟੀਮਾਂ ਦਾ ਮੈਚ ਬਾਅਦ ਨਿਤਾਰਾ ਹੋਵੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ।
ਸ੍ਰੀਲੰਕਾ ਦੀ ਟੀਮ ਦੱਖਣੀ ਅਫਰੀਕਾ ਵਿਰੁੱਧ ਸ਼ੁਰੂਆਤੀ ਮੁਕਾਬਲੇ ਵਿੱਚ ਮਿਲੀ ਹਾਰ ਦੌਰਾਨ ਥੋੜ੍ਹੀ ਕਮਜ਼ੋਰ ਦਿਖਾਈ ਦਿੱਤੀ ਸੀ। ਉਹ ਆਪਣੇ ਕਪਤਾਨ ਐਂਜੇਲੋ ਮੈਥਿਊਜ਼ ਦੀ ਗੈਰਮੌਜੂਦਗੀ ਵਿੱਚ ਇੱਕਜੁੱਟ ਹੋ ਕੇ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਪਰ ਮੈਥਿਊਜ਼ ਦੀ ਵਾਪਸੀ ਨੇ ਟੀਮ ਨੂੰ ਭਾਰਤ ਵਿਰੁੱਧ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕੀਤਾ ਅਤੇ ਟੀਮ ਨੇ ਪਿਛਲੇ ਚੈਂਪੀਅਨ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਦੀ ਹੋਰ ਵੀ ਖਾਸੀਅਤ ਇਹ ਰਹੀ ਕਿ ਉਸਨੇ ਭਾਰਤ ਵਿਰੁੱਧ ਅੱਠ ਗੇਂਦਾਂ ਰਹਿੰਦਿਆਂ ਹੀ ਜਿੱਤ ਦਰਜ ਕਰ ਲਈ।
ਦੂਜੇ ਪਾਸੇ ਪਾਕਿਸਤਾਨ ਦੇ ਕਪਤਾਨ ਸਰਫਰਾਜ ਦਾ ਵੀ ਮੰਨਣਾ ਹੈ ਕਿ ਉਸਦੀ ਜਿੱਤ ਪਿੱਛੇ ਦਰਸ਼ਕਾਂ ਦਾ ਵੱਡਾ ਹੱਥ ਸੀ। ਹੁਣ ਭਲਕੇ ਉਸਨੂੰ ਦਰਸ਼ਕਾਂ ਦੀ ਹਮਾਇਤ ਮਿਲਦੀ ਹੈ ਕਿ ਨਹੀ, ਇਹ ਯਕੀਨੀ ਨਹੀਂ ਹੈ।

LEAVE A REPLY