ਭਾਰਤ ਤੇ ਬੰਗਲਾਦੇਸ਼ ਦਰਮਿਆਨ ਅਭਿਆਸ ਮੈਚ ਅੱਜ

0
679

ਬੰਗਲਾਦੇਸ਼ ਨਾਲ ਕੱਲ੍ਹ ਹੋਣ ਵਾਲਾ ਦੂਜਾ ਅਭਿਆਸ ਮੈਚ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਚੈਂਪੀਅਨਜ਼ ਟਰਾਫ਼ੀ ਦੇ ਅਸਲ ਭੇੜ ਤੋਂ ਪਹਿਲਾਂ ਇੰਗਲੈਂਡ ਦੀਆਂ ਮੌਸਮੀ ਹਾਲਤਾਂ ਤੇ ਇਕ ਦਿਨਾਂ ਮੈਚਾਂ ਮੁਤਾਬਕ ਢਲਣ ਲਈ ਲੋੜੀਂਦਾ ਤਜਰਬਾ ਦੇਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਰੋਹਿਤ ਵੀ ਹੋਰਨਾਂ ਖਿਡਾਰੀਆਂ ਵਾਂਗ ਲਗਾਤਾਰ ਦੋ ਮਹੀਨੇ ਆਈਪੀਐਲ ਦਾ ਹਿੱਸਾ ਬਣ ਕੇ ਇਕ ਦਿਨਾ ਪਲੈਟਫਾਰਮ ਵੱਲ੍ਹ ਪਰਤਿਆ ਹੈ।
ਦੱਸਣਯੋਗ ਹੈ ਕਿ ਚੈਂਪੀਅਨਜ਼ ਟਰਾਫ਼ੀ ’ਚ ਭਾਰਤ ਦਾ ਸ਼ੁਰੂਆਤੀ ਮੈਚ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੈ। ਨਿਊਜ਼ੀਲੈਂਡ ਖ਼ਿਲਾਫ਼ ਮੀਂਹ ਨਾਲ ਪ੍ਰਭਾਵਿਤ ਮੈਚ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ ਪਰ ਕਪਤਾਨ ਵਿਰਾਟ ਕੋਹਲੀ ਖਿਡਾਰੀਆਂ ਨੂੰ ਬੱਲੇਬਾਜ਼ੀ ਅਭਿਆਸ ਲਈ ਕੁੱਝ ਹੋਰ ਓਵਰ ਮਿਲਣ ਦੀ ਆਸ ਰੱਖਦਾ ਹੈ। ਕਿਵੀਆਂ ਖ਼ਿਲਾਫ਼ ਅਭਿਆਸ ਮੈਚ ’ਚ ਭਾਰਤੀ ਟੀਮ ਨੂੰ ਸਿਰਫ਼ 26 ਓਵਰ ਹੀ ਖੇਡਣ ਲਈ ਮਿਲੇ ਤੇ ਮਗਰੋਂ ਡੱਕਵਰਥ ਲੂਈਸ ਨਿਯਮ ਨਾਲ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ। ਇੰਡੀਅਨ ਪ੍ਰੀਮੀਅਰ ਲੀਗ ’ਚ ਹੇਠਲੇ ਕ੍ਰਮ ’ਚ ਖੇਡਣ ਤੋਂ ਬਾਅਦ ਰੋਹਿਤ ਫੇਰ ਤੋਂ ਸਲਾਮੀ ਬੱਲੇਬਾਜ਼ ਵੱਜੋਂ ਭਾਰਤੀ ਪਾਰੀ ਦੀ ਸ਼ੁਰੂਆਤ ਕਰੇਗਾ। ਕੁੱਝ ਨਿੱਜੀ ਕਾਰਨਾਂ ਕਰਕੇ ਉਹ ਪਹਿਲਾ ਅਭਿਆਸ ਮੈਚ ਨਹੀਂ ਖੇਡ ਸਕਿਆ ਪਰ ਬੰਗਲਾਦੇਸ਼ ਖ਼ਿਲਾਫ਼ ਉਹ ਚੰਗਾ ਪ੍ਰਦਰਸ਼ਨ ਕਰਕੇ ਵਿਦੇਸ਼ੀ ਧਰਤੀ ’ਤੇ ਲੋੜੀਂਦਾ ਆਤਮ-ਵਿਸ਼ਵਾਸ ਹਾਸਲ ਕਰਨ ਦੇ ਰੌਂਅ ’ਚ ਹੈ।
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਨੇ ਭਾਰਤੀ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤੀ ਬਖ਼ਸ਼ੀ ਹੈ ਤੇ ਹੁਣ ਉਹ ਦੋਬਾਰਾ ਤੋਂ ਨਵੀਂ ਗੇਂਦ ਦਾ ਸਾਹਮਣਾ ਕਰਨਗੇ। ਹਾਲਾਂਕਿ ਟੀਮ ਮੈਨੇਜਮੈਂਟ ਨੇ ਅਜਿੰਕਿਆ ਰਹਾਨੇ ਨੂੰ ਪਹਿਲੇ ਅਭਿਆਸ ਮੈਚ ’ਚ ਸਲਾਮੀ ਬੱਲੇਬਾਜ਼ ਵੱਜੋਂ ਉਤਾਰਿਆ ਪਰ ਅਗਲੇ ਮੈਚਾਂ ’ਚ ਰੋਹਿਤ ਤੇ ਧਵਨ ਦੀ ਜੋੜੀ ਨੂੰ ਹੀ ਸਲਾਮੀ ਜੋੜੀ ਵੱਜੋਂ ਉਤਾਰਿਆ ਜਾਣਾ ਤੈਅ ਹੈ। ਪਹਿਲੇ ਅਭਿਆਸ ਮੈਚ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਨਾਬਾਦ ਰਹੇ ਮਹਿੰਦਰ ਸਿੰਘ ਧੋਨੀ ਵੀ ਇਸ ਨੂੰ ਜਾਰੀ ਰੱਖਣਾ ਲਈ ਟਿੱਲ ਲਾਉਣਗੇ। ਇਸ ਤੋਂ ਇਲਾਵਾ ਯੁਵਰਾਜ ਦੇ ਬਿਮਾਰ ਹੋਣ ਕਾਰਨ ਉਸ ਦੇ ਬੰਗਲਾਦੇਸ਼ ਖ਼ਿਲਾਫ਼ ਖੇਡੇ ਜਾਣ ਸਬੰਧੀ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਿਆ।
ਭਾਰਤੀ ਕਪਤਾਨ ਕੇਦਾਰ ਜਾਧਵ ਨੂੰ ਵੀ ਮੱਧਕ੍ਰਮ ਵਿੱਚ ਮੌਕਾ ਦੇ ਸਕਦਾ ਹੈ। ਭਾਰਤ ਨੂੰ ਬੰਗਲਾਦੇਸ਼ ਤੋਂ ਵੀ ਤਕੜੀ ਟੱਕਰ ਮਿਲ ਸਕਦੀ ਹੈ। ਬੰਗਲਾਦੇਸ਼ ਦਾ ਇਕ ਦਿਨਾਂ ਕ੍ਰਿਕਟ ’ਚ ਪਿਛਲੇ ਕੁੱਝ ਅਰਸੇ ਤੋਂ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਹੈ। ਬੰਗਲਾ ਟੀਮ ਦਾ 2015 ਦੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਕੁਆਰਟਰ ਫਾਈਨਲ ਗੇੜ ’ਚ ਪਹੁੰਚਣਾ ਇਸ ਦੀ ਤਸਦੀਕ ਕਰਦਾ ਹੈ। ਇਸ ਤੋਂ ਇਲਾਵਾ ਭਾਰਤ ਵੀ ਘਰੋਂ ਬਾਹਰ ਇਕ ਦਿਨਾਂ ਲੜੀ 2015 ’ਚ ਬੰਗਲਾਦੇਸ਼ ਤੋਂ ਹਾਰ ਚੁੱਕਾ ਹੈ। -ਪੀਟੀਆਈ

LEAVE A REPLY