ਭਾਰਤ ਨੇ ਲੜੀ 3-2 ਨਾਲ ਜਿੱਤ ਲਈ

0
770

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਅਰਧ ਸੈਂਕੜਿਆਂ ਅਤੇ ਗੇਂਦਬਾਜ਼ ਅਮਿਤ ਮਿਸ਼ਰਾ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਮੈਚ ਵਿੱਚ 190 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 3-2 ਨਾਲ ਜਿੱਤ ਲਈ।
ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ’ਤੇ 269 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਮੁੜ ਚੰਗੀ ਲੈਅ ਹਾਸਲ ਕਰਦਿਆਂ 65 ਗੇਂਦਾਂ ’ਤੇ 70 ਦੌੜਾਂ ਦੀ ਪਾਰੀ ਖੇਡੀ ਤੇ ਵਿਰਾਟ ਕੋਹਲੀ ਨੇ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ 76 ਗੇਂਦਾਂ ’ਤੇ 65 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 41, ਕੇਦਾਰ ਜਾਧਵ ਨੇ ਨਾਬਾਦ 39 ਅਤੇ ਅਕਸ਼ਰ ਪਟੇਲ ਨੇ 24 ਦੌੜਾਂ ਬਣਾਈਆਂ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ 23.1 ਓਵਰਾਂ ਵਿੱਚ 79 ਦੌੜਾਂ ਬਣਾ ਕੇ ਢੇਰ ਹੋ ਗਈ ਤੇ ਇਹ ਉਸ ਦਾ ਭਾਰਤ ਖ਼ਿਲਾਫ਼ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਮਿਸ਼ਰਾ ਵੱਲੋਂ ਦਬਾਅ ਪਾਉਣ ਤੋਂ ਬਾਅਦ ਤਾਂ ਉਸ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ। ਕਿਵੀ ਟੀਮ ਨੇ ਆਪਣੀਆਂ ਆਖ਼ਰੀ ਅੱਠ ਵਿਕਟਾਂ 16 ਦੌੜਾਂ ਦੇ ਵਿੱਚ-ਵਿੱਚ ਹੀ ਗੁਆ ਲਈਆਂ।
ਅਮਿਤ ਮਿਸ਼ਰਾ ਨੇ 18 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ। ਅਕਸ਼ਰ ਪਟੇਲ ਨੇ ਨੌਂ ਦੌੜਾਂ ਦੇ ਕੇ ਦੋ ਜਦਕਿ ਓਮੇਸ਼ ਯਾਦਵ, ਜੈਅੰਤ ਯਾਦਵ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਇੱਕ ਵਿਕਟ ਲਈ। ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ ਇੱਕ ਰੋਜ਼ਾ ਮੈਚ ਵਿੱਚ ਦੌੜਾਂ ਪੱਖੋਂ ਇਹ ਸਭ ਤੋਂ ਵੱਡੀ ਅਤੇ ਓਵਰਆਲ ਚੌਥੀ ਵੱਡੀ ਜਿੱਤ ਹੈ। ਨਿਊਜ਼ੀਲੈਂਡ ਨੇ ਰਾਂਚੀ ਵਿੱਚ ਚੌਥਾ ਇੱਕ ਰੋਜ਼ਾ ਮੈਚ ਜਿੱਤ ਕੇ ਲੜੀ 2-2 ਨਾਲ ਬਰਾਬਰ ਕਰ ਲਈ ਸੀ, ਪਰ ਆਖਰੀ ਮੈਚ ਵਿੱਚ ਉਸ ਦੀ ਟੀਮ ਕੋਈ ਚੁਣੌਤੀ ਨਹੀਂ ਖੜ੍ਹੀ ਕਰ ਸਕੀ। ਨਿਊੁਜ਼ੀਲੈਂਡ ਦੀ ਟੀਮ ਸਿਰਫ਼ 23.1 ਓਵਰਾਂ ਤੱਕ ਹੀ ਟਿਕ ਸਕੀ। ਪਹਿਲੀ ਵਾਰ ਉਸ ਦੀ ਟੀਮ ਇੰਨੇ ਘੱਟ ਓਵਰਾਂ ’ਤੇ ਆਊਟ ਹੋਈ ਹੈ।
ਓਮੇਸ਼ ਨੇ ਪਹਿਲੇ ਓਵਰ ਵਿੱਚ ਹੀ ਆਊਟ ਸਵਿੰਗ ’ਤੇ ਮਾਰਟਿਨ ਗੁਪਟਿਲ ਨੂੰ ਸਿਫ਼ਰ ’ਤੇ ਆਊਟ ਕਰ ਕੇ ਨਿਊਜ਼ੀਲੈਂਡ ’ਤੇ ਦਬਾਅ ਬਣਾ ਦਿੱਤਾ ਸੀ।
ਦੂਜੇ ਸਲਾਮੀ ਬੱਲੇਬਾਜ਼ ਟਾਮ ਲੈਥਮ (19 ਦੌੜਾਂ) ਨੇ ਬੁਮਰਾਹ ਦੀ ਗੇਂਦ ’ਤੇ ਮਿਡ ਵਿਕਟ ’ਤੇ ਜੈਅੰਤ ਯਾਦਵ ਨੂੰ ਕੈਚ ਦਿੱਤਾ। ਜੈਅੰਤ ਦਾ ਇਹ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਮੈਚ ਹੈ। ਕਪਤਾਨ ਕੇਨ ਵਿਲੀਅਮਸਨ (27 ਦੌੜਾਂ) ਅਤੇ ਰੋਸ ਟੇਲਰ (19 ਦੌੜਾਂ) ਨੇ ਕੁਝ ਸਮੇਂ ਲਈ ਵਿਕਟ ਡਿੱਗਣ ਦਾ ਸਿਲਸਿਲਾ ਰੋਕਿਆ ਪਰ ਉਨ੍ਹਾਂ ਨੂੰ ਵੀ ਪਿਚ ਦਾ ਮਿਜ਼ਾਜ ਸਮਝ ਨਹੀਂ ਆਇਆ। ਇਸ ਭਾਈਵਾਲੀ ਦੇ ਟੁੱਟਣ ਸਾਰ ਹੀ ਮਿਸ਼ਰਾ ਪੂਰੀ ਤਰ੍ਹਾਂ ਹਾਵੀ ਹੋ ਗਿਆ। ਅਕਸ਼ਰ ਨੇ ਵਿਲੀਅਮਸਨ ਨੂੰ ਜਾਧਵ ਹੱਥੋਂ ਕੈਚ ਕਰਵਾ ਕੇ ਇਹ ਭਾਈਵਾਲੀ ਤੋੜੀ, ਜਦਕਿ ਮਿਸ਼ਰਾ ਨੇ ਟੇਲਰ ਅਤੇ ਬੀਜੇ ਵਾਟਲਿੰਗ ਨੂੰ ਤਿੰਨ ਗੇਂਦਾਂ ਦੇ ਅੰਦਰ ਅੰਦਰ ਆਊਟ ਕੀਤਾ।
ਜੈਅੰਤ ਨੇ ਆਪਣੇ ਦੂਜੇ ਓਵਰ ਵਿੱਚ ਕੋਰੇ ਐਂਡਰਸਨ ਨੂੰ ਐਲਬੀਡਬਲਿਊ ਆਊਟ ਕਰ ਕੇ ਆਪਣੇ ਕਰੀਅਰ ਦੀ ਪਹਿਲੀ ਵਿਕਟ ਲਈ। ਮਿਸ਼ਰਾ ਨੇ ਆਪਣੇ ਅਗਲੇ ਦੋ ਓਵਰਾਂ ਵਿੱਚ ਦੋ ਵਿਕਟਾਂ ਲਈਆਂ, ਜਿਨ੍ਹਾਂ ਵਿੱਚ ਹਰਫ਼ਨਮੌਲਾ ਜੇਮਜ਼ ਨੀਸ਼ਮ ਦੀ ਵਿਕਟ ਵੀ ਸ਼ਾਮਲ ਸੀ। ਮਿਸ਼ਰਾ ਨੇ ਇਸ ਲੜੀ ਵਿੱਚ 15 ਵਿਕਟਾਂ ਲਈਆਂ ਹਨ। ਵਿਰਾਟ ਕੋਹਲੀ ਇਸ ਲੜੀ ਵਿੱਚ 358 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਹੈ। ਕੋਹਲੀ ਨੂੰ ਇਸ਼ ਸੋਢੀ ਨੇ ਲਗਾਤਾਰ ਦੂਜੇ ਮੈਚ ਵਿੱਚ ਆਊਟ ਕੀਤਾ।
ਭਾਰਤ ਦੀ ਸ਼ੁਰੂਆਤ ਬਹੁਤੀ ਤੇਜ਼ ਨਹੀਂ ਸੀ ਤੇ ਪਹਿਲੇ ਪੰਜ ਓਵਰਾਂ ਵਿੱਚ ਸਿਰਫ਼ 17 ਦੌੜਾਂ ਬਣੀਆਂ। ਅਜਿੰਕਿਆ ਰਹਾਣੇ (20) ਦੌੜਾਂ ਨੇ ਤੇਜ਼ੀ ਲਿਆਉਣ ਦਾ ਯਤਨ ਕੀਤਾ ਪਰ ਉਹ ਟਾਮ ਲੈਥਮ ਨੂੰ ਕੈਚ ਦੇ ਬੈਠਿਆ। ਰੋਹਿਤ ਲੰਬੇ ਸਮੇਂ ਬਾਅਦ ਆਪਣੇ ਰੰਗ ਵਿੱਚ ਦਿਖਿਆ ਤੇ ਉਸ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਅਤੇ ਤਿੰਨ ਛੱਕੇ ਜੜੇ। ਬੱਲੇਬਾਜ਼ੀ ਕਰਨ ਉੱਤਰੇ ਧੋਨੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ,ਪਰ ਆਊਟ ਹੋਣ ਤੋਂ ਪਹਿਲਾਂ ਉਸ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਇੱਕ ਛੱਕਾ ਜੜਿਆ।
-ਪੀਟੀਆਈ

LEAVE A REPLY