ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਨਾ ਹੋਣ ਦੇ ਰੋਸ ਵਜੋਂ ਨੌਜਵਾਨਾਂ ਨੇ ਲਾਇਆ ਜਾਮ, ਜਲੰਧਰ-ਲੁਧਿਆਣਾ ਹਾਈਵੇ ਦੀ ਰੁਕੀ ਆਵਾਜਾਈ

0
40

ਜਲੰਧਰ (ਰਮੇਸ਼ ਗਾਬਾ) ਪਿਛਲੇ ਇਕ ਸਾਲ ਤੋਂ ਫੌਜ ਵਿਚ ਭਰਤੀ ਲਈ ਲਿਖਤੀ ਪ੍ਰੀਖਿਆ ਨਾ ਹੋਣ ਕਾਰਨ ਰੋਸ ਵਿਚ ਆਏ ਕਰੀਬ ਪੰਜ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਨੇ ਅੱਜ ਸਵੇਰੇ ਪੀਏਪੀ ਚੌਕ ਤੋਂ ਥੋੜ੍ਹੀ ਦੂਰੀ ਉੱਤੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਜਾਮ ਕਾਰਨ ਜਲੰਧਰ ਤੋਂ ਲੁਧਿਆਣਾ ਨੂੰ ਜਾਣ ਆਉਣ ਵਾਲੀਆਂ ਗੱਡੀਆਂ ਜਾਮ ਵਿਚ ਫਸ ਗਈਆਂ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਉਤੇ ਪਹੁੰਚੀ ਪੁਲਿਸ ਨੇ ਧਰਨਾਕਾਰੀਆਂ ਨੂੰ ਹਾਈਵੇ ਤੋਂ ਹਟਾ ਕੇ ਸਰਵਿਸ ਲੇਨ ਕਰ ਦਿੱਤਾ ਪਰ ਇਸ ਦੌਰਾਨ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ।

ਬਹੁਤ ਸਾਰੇ ਲੋਕ ਬੱਸਾਂ ਵਿਚੋਂ ਉੱਤਰ ਕੇ ਪੈਦਲ ਹੀ ਬੱਸ ਅੱਡੇ ਵੱਲ ਚੱਲ ਪਏ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਉਨ੍ਹਾਂ ਨੇ ਫੌਜ ਦੀ ਭਰਤੀ ਰੈਲੀ ਵਿਚ ਹਿੱਸਾ ਲਿਆ ਸੀ। ਭਰਤੀ ਰੈਲੀ ਦੌਰਾਨ ਸਰੀਰਕ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਦੀ ਮਿਤੀ ਨਿਰਧਾਰਤ ਕੀਤੀ ਗਈ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਫੌਜ ਨੇ ਲਿਖਤੀ ਪ੍ਰੀਖਿਆ ਤਿੰਨ ਚਾਰ ਵਾਰ ਮੁਲਤਵੀ ਕਰ ਦਿੱਤੀ। ਉਮੀਦਵਾਰਾਂ ਦਾ ਦੋਸ਼ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਵਾਰ-ਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਪਰ ਮੌਕੇ ਉਤੇ ਪ੍ਰੀਖਿਆ ਰੱਦ ਹੋਣ ਕਾਰਨ ਉਹ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਫੌਜ ਵਿਚ ਭਰਤੀ ਲਈ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ।